ਚੰਡੀਗੜ੍ਹ—ਹਰਿਆਣਾ ਦੇ ਭਿਵਾਨੀ ਜ਼ਿਲੇ ‘ਚ 12 ਪਿੰਡਾਂ ਦੀਆਂ ਖਾਪ ਪੰਚਾਇਤਾਂ ਨੇ ਵਿਆਹ ਦੇ ਖਰਚਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਸ ਮੌਕੇ ‘ਤੇ ਭੋਜਨ ਕਰਾਉਣ ਸੰਬੰਧੀ ਰੋਕ ਲਗਾ ਦਿੱਤੀ ਹੈ। ਭਿਵਾਨੀ ਜ਼ਿਲੇ ‘ਚ ਝੋਜੂ-ਦਾਦਰੀ ਸੜਕ ‘ਤੇ ਸਥਿਤ ਕਦਮਾ ਪਿੰਡ ‘ਚ ਬੁੱਧਵਾਰ ਨੂੰ ਹੋਈ ਇਕ ਬੈਠਕ ‘ਚ ਖਾਪ ਪੰਚਾਇਤਾਂ ਨੇ ਇਹ ਫੈਸਲਾ ਕੀਤਾ। ਪੰਚਾਇਤ ਦੀ ਪ੍ਰਧਾਨਗੀ ਕਰ ਰਹੇ ਪਿੰਡ ਦੇ ਸਾਬਕਾ ਮੁਖੀ ਰਣਧੀਰ ਸਿੰਘ ਨੇ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਪਿੰਡ ‘ਚ ਮਠਿਆਈਆਂ ਅਤੇ ਦੂਜੇ ਭੋਜਨ ਪਦਾਰਥ ਵੰਡਣ ਦੇ ਸਮਾਰੋਹ ‘ਕਾਜ’ ਨੂੰ ਵੀ ਅਣ-ਉਚਿਤ ਦੱਸਦੇ ਹੋਏ ਇਸ ਦੇ ਆਯੋਜਨ ‘ਤੇ ਵੀ ਰੋਕ ਲਗਾ ਦਿੱਤੀ ਹੈ।
ਹਰਿਆਣਾ ‘ਚ ਵਧੇਰੇ ਲੋਕ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਦੀ ਸੁਭਾਵਿਕ ਮੌਤ ਹੋਣ ‘ਤੇ ‘ਕਾਜ’ ਨਾਂ ਦਾ ਸਮਾਰੋਹ ਕਰਦੇ ਹਨ। ਪੰਚਾਇਤ ਨੇ ਕਿਹਾ, ”ਵਿਆਹ ਸਮਾਰੋਹ ‘ਚ ਜੇਕਰ ਲੜਕੀ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਦੂਜੇ ਪਿੰਡ ਵਾਲੇ ਭੋਜਨ ਨਹੀਂ ਕਰਨਗੇ ਤਾਂ ਇਸ ਨਾਲ ਲੜਕੀ ਦੇ ਪਰਿਵਾਰ ਦੀ ਕਾਫੀ ਮਦਦ ਹੋ ਜਾਵੇਗੀ।” ਰਣਧੀਰ ਨੇ ਇਸ ਫੁਰਮਾਨ ਦਾ ਸਮਰਥਨ ਕਰਦੇ ਹੋਏ ਕਿਹਾ, ”ਇਹ ਰੋਕ ਨਾ ਸਿਰਫ ਵਿਆਹ ਦੇ ਖਰਚਿਆਂ ‘ਚ ਕਮੀ ਲਿਆਵੇਗੀ, ਸਗੋਂ ਇਸ ਨਾਲ ਵਿਆਹ ਸਮਾਰੋਹ ‘ਚ ਲੋਕਾਂ ਦੀ ਭੀੜ ‘ਤੇ ਵੀ ਰੋਕ ਲੱਗੇਗੀ।
ਪੰਚਾਇਤ ਨੇ ਕਿਹਾ ਕਿ ਪਿੰਡ ਦੇ ਲੋਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣਗੇ ਅਤੇ ਲੜਕੀ ਦੇ ਪਰਿਵਾਰ ਦੀ ਮਦਦ ਵੀ ਕਰਨਗੇ ਪਰ ਭੋਜਨ ਨਹੀਂ ਖਾਣਗੇ। ਕਦਮਾ ਪਿੰਡ ਦੇ ਸਰਪੰਚ ਬਲਵਾਨ ਸਿੰਘ ਨੇ ਕਿਹਾ, ”ਵਿਆਹ ਸਮਾਰੋਹ ‘ਚ ਭੋਜਨ ਖਾਣ ‘ਤੇ ਰੋਕ ਲੱਗਣ ਨਾਲ ਲੜਕੀ ਦੇ ਪਰਿਵਾਰ ਨੂੰ ਹੁਣ ਭੋਜਨ ਦੀ ਚਿੰਤਾ ਨਹੀਂ ਕਰਨੀ ਪਵੇਗੀ ਅਤੇ ਉਹ ਵਿਆਹ ਦੇ ਦੂਜੇ ਕੰਮਾਂ ‘ਤੇ ਧਿਆਨ ਦੇ ਸਕਣਗੇ।”
Source: JagBani News