ਜੇ ਭਾਈ ਖਾਲਸਾ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾ ਯੂ ਕੇ ‘ਚ ਅਕਾਲੀ ਦਲ (ਬ) ਜਾਂ ਸਰਕਾਰੀ ਪ੍ਰਤੀਨਿਧਾਂ ਦਾ ਵਿਚਰਨਾ ਮੁਸ਼ਕਿਲ ਕਰ ਦਿਆਂਗੇ – ਪੰਥਕ ਜੱਥੇਬੰਦੀਆਂ (ਯੂ ਕੇ)
ਕਿਹਾ-ਭਾਈ ਖਾਲਸਾ ਦੇ ਜਾਨੀ ਨੁਕਸਾਨ ਦੀ ਸਿੱਧੀ ਜਿੰਮੇਵਾਰੀ ਪੰਜਾਬ ਸਰਕਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਸ੍ਰੋ ਕਮੇਟੀ ਪ੍ਰਧਾਂਨ ਦੀ ਹੋਵੇਗੀ।
ਲੰਡਨ – ਯੂ ਕੇ ਦੇ ਸੰਗਤ ਟੀ ਵੀ ਵੱਲੋਂ ਦਿੱਤੇ ਸੱਦੇ ਤੇ ਯੂ ਕੇ ਦੀਆਂ ਸਮੂਹ ਪੰਥਕ ਜੱਥੇਬੰਦੀਆਂ ਦੀ ਹੰਗਾਮੀ ਇਕੱਤਰਤਾ ਸ੍ਰੀ ਗੁਰੂ ਨਾਨਕ ਦੇਵ ਗੁਰਦੁਆਰਾ ਸਮੈਦਿਕ ਵਿਖੇ ਹੋਈ ਜਿਸ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਾਮਲੇ ਤੇ ਪੰਜਾਬ ਸਰਕਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਕੰਨਾਂ ਤੇ ਜੂੰ ਨਾ ਸਰਕਣ ਅਤੇ ਘੇਸਲ ਵੱਟੇ ਹੋਣ ਦਾ ਸਖਤ ਨੋਟਿਸ ਲਿਆ ਗਿਆ।
ਪੇਸ਼ਕਾਰ ਕੁਲਵੰਤ ਸਿੰਘ ਢੇਸੀ ਦੇ ਪ੍ਰਬੰਧਾਂ ਹੇਠ ਸੰਗਤ ਟੈਲੀਵਿਜਨ ਵੱਲੋਂ ਲਗਾਤਾਰ 2 ਘੰਟੇ ਸਿੱਧਾ ਪ੍ਰਸਾਰਣ ਕਰਕੇ ਸਮੂਹ ਜੱਥੇਬੰਦੀਆਂ ਦੇ ਵਿਚਾਰਾਂ ਨੂੰ ਸੰਗਤ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਨਿਭਾਈ। ਸੰਗਤ ਟੀਵੀ ਦੇ ਵਸ਼ੇਸ਼ ਉਪਰਾਲੇ ਨਾਲ ਆਯੋਜਿਤ ਇਸ ਇਕੱਤਰਤਾ ਦੇ ਕੋਆਰਡੀਨੇਟਰ ਬੇਅੰਤ ਸਿੰਘ ਨੇ ਦੱਸਿਆ ਕਿ ਇਸ ਇਕੱਤਰਤਾ ਦੌਰਾਨ ਸਿੱਖ ਫੈਡਰੇਸ਼ਨ, ਅਖੰਡ ਕੀਰਤਨੀ ਜਥਾ, ਅੰਮ੍ਰਿਤਸਰ ਅਕਾਲੀ ਦਲ, ਯੁਨਾਈਟਿਡ ਖਾਲਸਾ ਦਲ, ਇੰਟਰਨੈਸ਼ਨਲ ਪਥੰਕ ਦਲ, ਧਰਮ ਯੁੱਧ ਮੋਰਚਾ, ਸ਼੍ਰੋਮਣੀ ਅਕਾਲੀ ਦਲ ਯੂ ਕੇ, ਬ੍ਰਿਟਿਸ਼ ਸਿੱਖ ਕੌਂਸਲ ਅਤੇ ਦਲ ਖਾਲਸਾ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਬੇਸ਼ੱਕ ਭਾਈ ਖਾਲਸਾ ਦਾ ਸੰਘਰਸ਼ ਇੱਕ ਮਹੀਨੇ ਤੋਂ ਨਿਰੰਤਰ ਜਾਰੀ ਹੈ ਪਰ ਪੰਥਕ ਸਰਕਾਰ ਅਤੇ ਪੰਥ ਦੀਆਂ ਇਹਨਾਂ ਨਾਮੀ ਹਸਤੀਆਂ ਵੱਲੋਂ ਦੜ੍ਹ ਵੱਟਣਾ ਨਿੰਦਣਯੋਗ ਹੈ।
ਇਸ ਸਮੇਂ ਪਾਸ ਕੀਤੇ ਮਤਿਆਂ ਰਾਹੀਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਭਾਈ ਖਾਲਸਾ ਦੇ ਸੰਘਰਸ਼ ਦੀ ਤਹਿ ਦਿਲੋਂ ਹਮਾਇਤ ਕਰਦੇ ਹਾਂ। ਜੇਕਰ ਪੰਜਾਬ ਸਰਕਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਪੰਥ ਦੀ ਭਾਵਨਾ ਦਾ ਪਾਲਣ ਕਰਦਿਆਂ ਕੋਈ ਉਚਿਤ ਫੈਸਲਾ ਨਾ ਲਿਆ ਤਾਂ ਇਹਨਾਂ ਸਭ ਨੂੰ ਯੂਕੇ ਵਿੱਚੋਂ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਭਾਈ ਖਾਲਸਾ ਨਾਲ ਕੋਈ ਅਣਸੁਖਾਵੀਂ ਘਟਨਾ ਵਰਤਦੀ ਹੈ ਤਾਂ ਇਸ ਦੀ ਸਿੱਧੀ ਜਿੰਮੇਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਪ੍ਰਧਾਨ ਦੀ ਹੋਵੇਗੀ। ਇਸ ਤੋਂ ਇਲਾਵਾ ਐੱਸ਼ ਐੱਫ਼ ਓ ਵੱਲੋਂ ਜਨਰਲ ਬਰਾੜ ਦੇ ਮਾਮਲੇ ਚ ਜਿੱਥੇ ਚਾਰ ਸਿੱਖਾਂ ਨੂੰ ਹੋਈਆਂ ਲੰਮੀਆਂ ਸਜ਼ਾਵਾਂ ਨੂੰ ਭਾਰਤ ਸਰਕਾਰ ਦੇ ਦਬਾਅ ਹੇਠ ਹੋਇਆ ਕਰਾਰ ਦਿੱਤਾ। ਉੱਥੇ ਸਮੂਹ ਸੰਗਤ, ਗੁਰਦੁਆਰਾ ਕਮੇਟੀਆਂ, ਪੰਥਕ ਜੱਥੇਬੰਦੀਆਂ ਅਤੇ ਸਿੱਖ ਅਦਾਰਿਆਂ ਨੂੰ ਬੇਨਤੀ ਕੀਤੀ ਕਿ ਕੈਦੀ ਸਿੰਘਾਂ ਦੀ ਰਿਹਾਈ ਲਈ ਪੰਥ ਦੇ ਜੱਥੇਦਾਰਾਂ, ਪੰਜਾਬ ਸਰਕਾਰ, ਭਾਰਤ ਸਰਕਾਰ ਨੂੰ ਚਿੱਠੀਆਂ ਲਿਖ ਕੇ ਆਪਣੇ ਰੋਸ ਦਾ ਇਜਹਾਰ ਕਰਨ।
ਸੰਗਤਾਂ ਦੇ ਇਕੱਠ ਨੇ ਪੰਥਕ ਜੱਥੇਬੰਦੀਆਂ ਵੱਲੋਂ ਪੇਸ਼ ਕੀਤੇ ਮਤਿਆਂ ਨਾਲ ਸਹਿਮਤ ਹੋਣ ਦੀ ਸ਼ਾਹਦੀ ਭਰੀ।