ਫਿਲੌਰ, 28 ਅਪਰੈਲ : ਯੂਥ ਅਕਾਲੀ ਆਗੂ ਦੇ ਫਾਰਮ ਹਾਊਸ ਤੋਂ ਐਕਸਾਈਜ਼ ਵਿਭਾਗ ਨੇ 18 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ।
ਥਾਣਾ ਮੁਖੀ ਪਰਮਸੁਨੀਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੱਖ ਵੱਖ ਮਾਰਕਿਆਂ ਦੀਆਂ 18 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਮਹਾ ਸਿੰਘ ਰਸੂਲਪੁਰ ਦੇ ਫਾਰਮ ਹਾਊਸ ਤੋਂ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਿਕ ਇੱਕ ਗੁਪਤ ਸੂਚਨਾ ’ਤੇ ਐਕਸਾਈਜ਼ ਵਿਭਾਗ ਨੇ ਇਸ ਫਾਰਮ ਹਾਊਸ ’ਤੇ ਛਾਪਾ ਮਾਰਿਆ, ਜਿਸ ਮਗਰੋਂ ਸ਼ਰਾਬ ਮੌਕੇ ਤੋਂ ਹੀ ਬਰਾਮਦ ਕਰ ਲਈ ਗਈ। ਸੂਤਰਾਂ ਮੁਤਾਬਿਕ ਸ਼ਰਾਬ ਇੱਕ ਟਰੱਕ ’ਚ ਲੱਦੀ ਹੋਈ ਸੀ ਤੇ ਬਾਕੀ ਦੀ ਸ਼ਰਾਬ ਕਿੱਥੋਂ ਕਿਧਰ ਗਈ ਹੈ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਹੋਰ ਸ਼ਰਾਬ ਦੀ ਪੁਸ਼ਟੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੌਕੇ ਤੋਂ 18 ਪੇਟੀਆਂ ਹੀ ਬਰਾਮਦ ਕੀਤੀਆਂ ਗਈਆਂ ਹਨ।
ਦੂਜੇ ਪਾਸੇ ਅਕਾਲੀ ਆਗੂ ਨੇ ਕਿਹਾ ਕਿ ਇਹ ਸ਼ਰਾਬ ਉਸ ਨੂੰ ਫਸਾਉਣ ਦੀ ਸਾਜ਼ਿਸ਼ ਤਹਿਤ ਬਰਾਮਦ ਕੀਤੀ ਗਈ ਹੈ। ਸਥਾਨਕ ਪੁਲੀਸ ਨੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।