ਆਨੰਦਪੁਰ ਸਾਹਿਬ, 15 ਮਾਰਚ : ਸਿੱਖ ਕੌਮ ਦੀ ਚੜ੍ਹਦੀਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦਾ ਦੂਸਰਾ ਪੜਾਅ ਅੱਜ ਇੱਥੇ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ। ਖ਼ਾਲਸਾਈ ਰੰਗ ਵਿੱਚ ਰੰਗੇ ਆਨੰਦਪੁਰ ਸਾਹਿਬ ਵਿਖੇ ਸੰਗਤ ਦਾ ਸੈਲਾਬ ਉਮੜ ਗਿਆ ਅਤੇ ਸ਼ਹਿਰ ਵਿੱਚ ਕਿਤੇ ਵੀ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ।
ਜ਼ਿਕਰਯੋਗ ਹੈ ਕਿ ਕੀਰਤਪੁਰ ਸਾਹਿਬ ਵਿਖੇ 14 ਮਾਰਚ ਤੱਕ ਚੱਲੇ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੇ ਸਮਾਪਤ ਹੋ ਜਾਣ ਤੋਂ ਬਾਅਦ ਆਨੰਦਪੁਰ ਸਾਹਿਬ ਵਿਖੇ 15,16 ਤੇ 17 ਮਾਰਚ ਤੱਕ ਚੱਲਣ ਵਾਲੇ ਦੂਸਰੇ ਪੜਾਅ ਦੀ ਸ਼ੁਰੂਆਤ ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਮੌਕੇ ਅਰਦਾਸ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬ ਨੇ ਸਮੁੱਚੀ ਸਿੱਖ ਕੌਮ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਸੰਗਤ ਨੂੰ ਜੀ ਆਇਆਂ ਆਖਿਆ। ਇਸੇ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵੀ ਵਿਸ਼ਵ ਭਰ ਵਿੱਚ ਬੈਠੀ ਸੰਗਤ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਲੇ-ਮਹੱਲੇ ਨੂੰ ਚੜ੍ਹਦੀਕਲਾ ਦਾ ਤਿਉਹਾਰ ਦੱਸਦੇ ਹੋਏ ਪੂਰੇ ਜੋਸ਼ ਨਾਲ ਮਨਾਉਣ ਲਈ ਕਿਹਾ। ਨਾਲ ਹੀ ਉਨ੍ਹਾਂ ਖੰਡੇ ਬਾਟੇ ਦੀ ਪਾਹੁਲ ਛਕਣ ਦੀ ਵੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਹੋਲੇ-ਮਹੱਲੇ ਦੌਰਾਨ ਆਈ ਸੰਗਤ ਦੀ ਸਹੂਲਤ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਆਏ ਸ਼ਰਧਾਲੂਆਂ ਨੇ 400 ਦੇ ਕਰੀਬ ਲੰਗਰ ਲਾਏ ਹਨ। ਭਾਂਤ-ਭਾਂਤ ਦੇ ਪਕਵਾਨ ਸੰਗਤ ਲਈ ਵਰਤਾਏ ਜਾ ਰਹੇ ਹਨ।
ਅੱਜ ਸਵੇਰੇ 11 ਵਜੇ ਹੋਲੇ ਮਹੱਲੇ ਦਾ ਸ਼ੁਰੂਆਤੀ ਨਗਰ ਕੀਰਤਨ ਸ੍ਰੀ ਪੰਚਾਇਤੀ ਅਖਾੜਾ ਨਿਰਮਲਾ, ਕਨਖਲ, ਹਰਿਦੁਆਰ ਦੁਆਬਾ ਨਿਰਮਲ ਮੰਡਲ ਵੱਲੋਂ ਡੇਰਾ ਸੰਤ ਬਾਬਾ ਦਲੀਪ ਸਿੰਘ ਜੀ ਡੂਮੇਲੀ ਵਾਲਿਆਂ ਤੋਂ ਸ਼ੁਰੂ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਗਈ। ਬਾਬਾ ਪ੍ਰੀਤਮ ਸਿੰਘ ਡੂਮੇਲੀ ਵਾਲਿਆਂ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸ਼ੁਰੂਆਤ ਵਾਲੇ ਦਿਨ ਨਿਰਮਲ ਭੇਖ ਵੱਲੋਂ ਇਹ ਸ਼ੁਰੂਆਤੀ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਹ ਨਗਰ ਕੀਰਤਨ ਅਗੰਮਪੁਰ ਚੌਕ ਤੋਂ ਹੁੰਦਾ ਹੋਇਆ, ਬੱਸ ਸਟੈਂਡ, ਪੰਜ ਪਿਆਰਾ ਪਾਰਕ, ਨਵੀਂ ਅਬਾਦੀ ਤੋਂ ਹੁੰਦਾ ਹੋਇਆ ਸੰਤ ਬਾਬਾ ਪ੍ਰੀਤਮ ਸਿੰਘ ਜੀ ਪਾਲਦੀ ਵਾਲਿਆਂ ਦੇ ਡੇਰੇ ਵਿਖੇ ਆ ਕੇ ਸਮਾਪਤ ਹੋ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਨਿਹੰਗ ਮੁਖੀ ਬਾਬਾ ਬਲਵੀਰ ਸਿੰਘ, ਪ੍ਰੋ. ਹਰਬੰਸ ਸਿੰਘ ਬੋਲੀਨਾ, ਸਕੱਤਰ ਦਿਲਜੀਤ ਸਿੰਘ ਬੇਦੀ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ, ਪੰਡਿਤ ਗਿਆਨ ਦੇਵ ਆਦਿ ਹਾਜ਼ਰ ਸਨ।
ਦੂਸਰੇ ਪਾਸੇ ਅੱਜ ਸਵੇਰੇ ਤੋਂ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਭੌਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਫਤਿਹਗੜ੍ਹ ਸਮੇਤ ਵੱਖ-ਵੱਖ ਗੁਰਦੁਆਰਿਆਂ ਵਿਖੇ ਮੱਥਾ ਟੇਕਣ ਵਾਲੀ ਸੰਗਤ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਸਿਆਸੀ ਕਾਨਫਰੰਸਾਂ ਅੱਜ
ਹੋਲੇ ਮਹੱਲੇ ਦੇ ਦੂਸਰੇ ਦਿਨ (16 ਮਾਰਚ) ਸਮੁੱਚੀ ਧਾਰਮਿਕ ਨਗਰੀ ਸਿਆਸੀ ਰੰਗ ਵਿੱਚ ਰੰਗੀ ਹੋਈ ਨਜ਼ਰ ਆਵੇਗੀ। ਭਲਕੇ ਜਿੱਥੇ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪੋ ਆਪਣੀਆਂ ਸਿਆਸੀ ਕਾਨਫਰੰਸਾਂ ਕਰਨਗੇ ਉੱਥੇ ਹੀ ਆਮ ਆਦਮੀ ਪਾਰਟੀ ਵੀ ਪੰਜਾਬ ਵਿੱਚ ਆਪਣੀਆਂ ਸਿਆਸੀ ਕਾਨਫਰੰਸਾਂ ਦਾ ਆਗਾਜ਼ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਤੋਂ ਕਰੇਗੀ। ਕਾਂਗਰਸ ਪਾਰਟੀ ਇਸ ਵਾਰ ਕੌਮੀ ਜੋੜ ਮੇਲੇ ਮੌਕੇ ਪੂਰੀ ਤਰ੍ਹਾਂ ਹਾਸ਼ੀਏ ’ਤੇ ਚਲੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਆਪਣੀ ਪ੍ਰੰਪਰਾ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਹੀ ਰੈਲੀ ਕਰੇਗਾ। ਇਸ ਰੈਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਰੈਲੀ ਵਿੱਚ ਪਾਰਟੀ ਲੀਡਰਸ਼ਿਪ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਸੰਗਤ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਸਰੋਵਰ ਦੇ ਨਾਲ ਲੱਗਦੇ ਮੈਦਾਨ ਤੋਂ ਸੰਬੋਧਨ ਕਰਨਗੇ। ਆਪ’ ਦੀ ਕਾਨਫਰੰਸ ਵਿੱਚ ਜ਼ਿਲ੍ਹਾ ਕਨਵੀਨਰ ਭਾਗ ਸਿੰਘ ਮਦਾਨ ਅਨੁਸਾਰ ਲੋਕ ਸਭਾ ਲਈ ਚੰਡੀਗੜ੍ਹ ਤੋਂ ਐਲਾਨੀ ਉਮੀਦਵਾਰ ਗੁਲ ਪਨਾਗ, ਭਗਵੰਤ ਮਾਨ, ਐਚ.ਐਸ. ਫੂਲਕਾ, ਸੁੱਚਾ ਸਿੰਘ ਛੋਟੇਪੁਰ, ਸਾਧੂ ਸਿੰਘ ਆਦਿ ਸ਼ਿਰਕਤ ਕਰਨਗੇ।
ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੁੱਲ੍ਹੀ
ਹੋਲੇ ਮਹੱਲੇ ਦੇ ਪਹਿਲੇ ਹੀ ਦਿਨ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ ਜਦੋਂ ਮੇਲੇ ਵਿੱਚ ਥਾਂ ਥਾਂ ’ਤੇ ਮੰਗਤੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਨਜ਼ਰ ਆਏ। ਪੁਲੀਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਿੱਕਰੀ ’ਤੇ ਪਾਬੰਦੀ ਹੋਣ ਦੇ ਬਾਵਜੂਦ ਸ਼ਰੇਆਮ ਭੰਗ, ਸੁੱਖਾ, ਦੁਬਈ ਦੀਆਂ ਟਿਕਟਾਂ ਆਦਿ ਵਿਕ ਰਹੇ ਸਨ।