ਜਲੰਧਰ, 2 ਜਨਵਰੀ – ਜਲੰਧਰ-ਪਠਾਨਕੋਟ ਹਾਈਵੇ ‘ਤੇ ਸਥਿਤ ਪਿੰਡ ਕਾਹਨਪੁਰ ਦੇ ਨੇੜੇ ਵੀਰਵਾਰ ਦੀ ਸਵੇਰ ਨੂੰ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਟਰੱਕ ਦੀ ਟੱਕਰ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਦੌਰਾਨ ਜ਼ਖਮੀ ਹੋਇਆ ਇਕ ਵਿਅਕਤੀ ਜਲੰਧਰ ਦੇ ਸਿਵਲ ਹਸਪਤਾਲ ‘ਚ ਇਲਾਜ ਅਧੀਨ ਹੈ। ਇਨ੍ਹਾਂ ਲੋਕਾਂ ਨੂੰ ਟੱਕਰ ਮਾਰਨ ਵਾਲੇ ਟਰੱਕ ਦਾ ਡਰਾਈਵਰ ਫਰਾਰ ਹੈ, ਜਿਸ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਹਾਈਵੇ ‘ਤੇ ਸਥਿਤ ਪਿੰਡ ਕਾਹਨਪੁਰ ਦੇ ਨੇੜੇ ਵੀਰਵਾਰ ਦੀ ਸਵੇਰ ਨੂੰ ਕੁਝ ਲੋਕ ਆਟੋ ਲੈਣ ਲਈ ਸੜਕ ਪਾਰ ਕਰ ਰਹੇ ਸਨ ਕਿ ਪਠਾਨਕੋਟ ਵਲੋਂ ਆ ਰਹੇ ਤੇਜ਼ ਰਫਤਾਰ ਇਕ ਟਰੱਕ ਨੇ ਇਨ੍ਹਾਂ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਸੜਕ ਪਾਰ ਕਰ ਰਹੇ ਲੋਕਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਆਟੋ ਚਾਲਕ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਪੰਜਾਂ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ 2 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜਲਦੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਬਾਅਦ ‘ਚ ਇਨ੍ਹਾਂ ਜ਼ਖਮੀਆਂ ‘ਚੋਂ ਇਕ ਵਿਅਕਤੀ ਦੀ ਵੀ ਹਸਪਤਾਲ ‘ਚ ਮੌਤ ਹੋ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ। ਮੌਕੇ ‘ਤੇ ਹੀ ਦਮ ਤੋੜਨ ਵਲਿਆਂ ‘ਚ 2 ਔਰਤਾਂ, 2 ਬੱਚੇ ਅਤੇ ਇਕ ਪੁਰਸ਼ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਰਾਜੂ (36), ਉਸ ਦੀ ਪਤਨੀ ਲਾਜਵੰਤੀ (34) ਤੇ ਉਸ ਦਾ ਪੁੱਤਰ ਰਾਜਾ (7), ਸੋਨੂੰ (22), ਉਸ ਦੀ ਪਤਨੀ ਆਰਤੀ (19) ਤੇ ਆਟੋ ਡਰਾਈਵਰ ਵਿਨੋਦ (32) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਹਨ੍ਹੇਰੇ ਉਦੋਂ ਵਾਪਰਿਆ ਜਦੋਂ ਪ੍ਰਵਾਸੀ ਮਜ਼ਦੂਰਾਂ ਦੇ ਦੋ ਪਰਿਵਾਰ ਜਲੰਧਰ ਸ਼ਹਿਰ ਵੱਲ ਆਉਣ ਲਈ ਤਿਆਰ ਸਨ। ਕਾਨ੍ਹਪੁਰ ਵੱਲੋਂ ਜਲੰਧਰ ਨੂੰ ਆਉਂਦੇ ਇੱਕ ਆਟੋ ਵਾਲੇ ਵਿਨੋਦ ਨੇ ਸੜਕ ਦੇ ਦੂਜੇ ਪਾਸੇ ਖੜ੍ਹੀਆਂ ਸਵਾਰੀਆਂ ਨੂੰ ਦੇਖ ਕੇ ਆਟੋ ਰੋਕ ਲਿਆ ਤੇ ਆਪ ਸੜਕ ਪਾਰ ਕਰਕੇ ਉਨ੍ਹਾਂ ਕੋਲ ਚਲਾ ਗਿਆ ਤਾਂ ਜੋ ਉਨ੍ਹਾਂ ਨੂੰ ਦੱਸੇ ਪਤੇ ’ਤੇ ਲਿਜਾ ਸਕੇ। ਜਾਣਕਾਰੀ ਅਨੁਸਾਰ ਆਟੋ ਵਾਲਾ ਜਦੋ ਇਨ੍ਹਾਂ ਸਵਾਰੀਆਂ ਨੂੰ ਆਟੋ ਵਿੱਚ ਬਿਠਾਉਣ ਲਈ ਲੈ ਕੇ ਜਾ ਰਿਹਾ ਸੀ ਤਾਂ ਸੜਕ ਪਾਰ ਕਰਦਿਆਂ ਪਠਾਨਕੋਟ ਵਾਲੇ ਪਾਸਿਓਂ ਜਲੰਧਰ ਨੂੰ ਆ ਰਹੇ ਬੱਜਰੀ ਨਾਲ ਲੱਦੇ ਟਰੱਕ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਹ ਟਰੱਕ ਇਨ੍ਹਾਂ ਸਵਾਰੀਆਂ ਨੂੰ ਕੁਚਲਦਿਆਂ ਹੋਇਆਂ ਨੈਸ਼ਨਲ ਹਾਈਵੇ ’ਤੇ ਬਣੇ ਡਿਵਾਈਡਰ ’ਤੇ ਜਾ ਚੜ੍ਹਿਆ।
ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਬਲਦੇਵ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਉਸ ਵਿਰੁੱਧ ਥਾਣਾ ਮਕਸੂਦਾਂ ’ਚ 304 ਏ ਦਾ ਮਾਮਲਾ ਦਰਜ ਕੀਤਾ ਗਿਆ ਹੈ।