ਅਜੀਤਗੜ੍ਹ, 27 ਨਵੰਬਰ : ਗੁਰਦਵਾਰਾ ਅੰਬ ਸਾਹਿਬ ਵਿਖੇ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਅਪਣੀਆਂ ਸਜ਼ਾਵਾਂ ਭੁਗਤ ਚੁੱਕੇ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਗੁਰਬਖਸ਼ ਸਿੰਘ ਖ਼ਾਲਸਾ ਵਲੋਂ 14 ਨਵੰਬਰ ਤੋਂ ਰੱਖੀ ਭੁੱਖ ਹੜਤਾਲ ਅੱਜ 15ਵੇਂ ਦਿਨ ਵਿਚ ਦਾਖ਼ਲ ਹੋ ਗਈ।
ਉਨ੍ਹਾਂ ਕਿਹਾ ਕਿ ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਜੋ ਚੰਡੀਗੜ੍ਹ ਦੀ ਬੁੜੈਲ ਜੇਲ ਵਿਚ ਅਪਣੀਆਂ ਸਜ਼ਾਵਾਂ ਕੱਟਣ ਤੋਂ ਬਾਅਦ ਵੀ ਨਜ਼ਰਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਕੋਈ ਕਦਮ ਨਹੀਂ ਚੁੱਕ ਰਹੀ। ਇਸੇ ਤਰ੍ਹਾਂ ਭਾਈ ਲਾਲ ਸਿੰਘ ਨਾਭਾ ਜੇਲ, ਭਾਈ ਗੁਰਦੀਪ ਸਿੰਘ ਖਹਿਰਾ ਗੁਲਬਰਗ ਜੇਲ ਕਰਨਾਟਕਾ ਵਿਚ ਪਿਛਲੇ 22 ਸਾਲਾਂ ਤੋਂ ਬੰਦ ਹਨ, ਇਹ ਸਿੰਘ ਵੀ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਜੇ ਪੰਥਕ ਅਕਾਲੀ-ਭਾਜਪਾ ਸਰਕਾਰ ਨੇ ਸਿੰਘਾਂ ਦੀ ਰਿਹਾਈ ਲਈ ਕੋਈ ਵਿਸ਼ੇਸ਼ ਕਾਰਵਾਈ ਨਹੀਂ ਕਰਨੀ ਤਾਂ ਉਹ ਵਿਧਾਨ ਸਭਾ ਵਿਚ ਇਨ੍ਹਾਂ ਦੀ ਰਿਹਾਈ ਲਈ ਇਕ ਮਤਾ ਹੀ ਪਾਸ ਕਰ ਦੇਵੇ। ਉਨ੍ਹਾਂ ਕਿਹਾ ਕਿ ਬੁੜੈਲ ਜੇਲ ਅੰਦਰ ਨਜ਼ਰਬੰਦ ਤਿੰਨ ਸਿੰਘਾਂ ਨੂੰ ਪੰਜਾਬ ਦੇ ਗਵਰਨਰ ਕੋਲ ਰਿਹਾਅ ਕਰਾਉਣ ਲਈ ਪੂਰੇ ਅਧਿਕਾਰ ਹਨ ਅਤੇ ਇਸੇ ਤਰ੍ਹਾਂ ਨਾਭਾ ਜੇਲ ਵਿਚ ਨਜ਼ਰਬੰਦ ਲਾਲ ਸਿੰਘ ਜਿਨ੍ਹਾਂ ਉਤੇ ਗੁਜਰਾਤ ਪੁਲਿਸ ਨੇ ਕੇਸ ਪਾਇਆ ਹੋਇਆ ਹੈ, ਨੂੰ ਗੁਜਰਾਤ ਦੇ ਮੁੱਖ ਮੰਤਰੀ ਅਤੇ ਗੁਰਦੀਪ ਸਿੰਘ ਖਹਿਰਾ ਨੂੰ ਕਰਨਾਟਕਾ ਦੇ ਮੁੱਖ ਮੰਤਰੀ ਰਿਹਾਅ ਕਰਵਾ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਅਪਣੀਆਂ ਸਜ਼ਾਵਾਂ ਭੁਗਤ ਲਈਆਂ ਹਨ।
ਭਾਈ ਖ਼ਾਲਸਾ ਨੇ ਕਿਹਾ ਕਿ ਕਈ ਸਿੱਖ ਜਥੇਬੰਦੀਆਂ ਛੇਤੀ ਹੀ ਪੰਜਾਬ ਦੇ ਗਵਰਨਰ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਉਣਗੀਆਂ ਤਾਕਿ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ। ਜ਼ਿਕਰਯੋਗ ਹੈ ਕਿ ਕੋਈ ਵੀ ਅਕਾਲੀ ਆਗੂ ਅੱਜ ਤਕ ਭਾਈ ਗੁਰਬਖ਼ਸ਼ ਸਿੰਘ ਦਾ ਹਾਲ ਪੁਛਣ ਜਾਂ ਗੱਲ ਕਰਨ ਲਈ ਨਹੀਂ ਆਇਆ ਜਦਕਿ ਸੱਤਾ ਵਿਚੋਂ ਬਾਹਰ ਹੁੰਦੇ ਸਨ ਤਾਂ ਅਜਿਹੇ ਮੌਕਿਆਂ ‘ਤੇ ਸੱਭ ਤੋਂ ਅੱਗੇ ਹੁੰਦੇ ਸਨ ਅਤੇ ਇਕ ਵੀ ਸਿੱਖ ਦੀ ਗ੍ਰਿਫ਼ਤਾਰੀ ਉਨ੍ਹਾਂ ਲਈ ਬਰਦਾਸ਼ਤ ਤੋਂ ਬਾਹਰ ਹੁੰਦੀ ਸੀ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਰਿਹਾ ਹੈ ਅਤੇ 98 ਫੀਸਦੀ ਸਿੱਖਾਂ ਨੇ ਦੇਸ਼ ਦੀ ਖਾਤਿਰ ਕੁਰਬਾਨੀਆਂ ਕੀਤੀਆਂ ਹਨ ਪਰ ਫਿਰ ਵੀ ਅੱਜ ਦੇਸ਼ ਅੰਦਰ ਸਿੱਖ ਕੌਮ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਭਾਈ ਸਤਨਾਮ ਸਿੰਘ ਪਾਉਂਟਾ ਦਲ ਖਾਲਸਾ, ਭਾਈ ਕੰਵਰ ਸਿੰਘ ਧਾਮੀ, ਭਾਈ ਗੁਰਨਾਮ ਸਿੰਘ ਸਿੱਧੂ, ਭਾਈ ਹਰਮਿੰਦਰ ਸਿੰਘ ਢਿੱਲੋਂ, ਭਾਈ ਮਨਜੀਤ ਸਿੰਘ ਲਾਲੀ, ਭਾਈ ਹਰਜਿੰਦਰ ਸਿੰਘ ਮੁਹਾਲੀ, ਐਡਵੋਕੇਟ ਨਵਕਿਰਨ ਸਿੰਘ, ਐਡਵੋਕੇਟ ਤੇਜਿੰਦਰ ਸਿੰਘ ਸੂਦਨ, ਸੁਰਿੰਦਰ ਸਿੰਘ ਕਿਸ਼ਨਪੁਰਾ, ਆਰ.ਪੀ.ਸਿੰਘ ਅਖੰਡ ਕੀਰਤਨੀ ਜੱਥਾ, ਬੀਬੀ ਕਸ਼ਮੀਰ ਕੌਰ, ਗੁਰਚਰਨ ਸਿੰਘ ਮਿਸ਼ਨਰੀ, ਬਾਬਾ ਲਖਬੀਰ ਸਿੰਘ ਮੁਹਾਲੀ, ਭਾਈ ਭੁਪਿੰਦਰ ਸਿੰਘ ਵੀ ਹਾਜ਼ਰ ਸਨ।
ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਜੀਵਨੀ ਤੇ ਸੰਖੇਪ ਨਜ਼ਰ –ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਜਨਮ 1965 ਵਿਚ ਜਥੇਦਾਰ ਅਜੀਤ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਠਸਕਾਅਲੀ ਨੇੜੇ ਸ਼ਾਹਬਾਦ ਮਾਰਕੰਡਾ ਜ਼ਿਲ੍ਹਾ ਕੁਰਕਸ਼ੇਤਰ ਹਰਿਆਣਾ ਵਿਖੇ ਹੋਇਆ ਅਤੇ ਵਿਆਹ ਬੀਬੀ ਜਗੀਰ ਕੌਰ ਨਾਲ 1987 ਵਿਚ ਹੋਇਆ। ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਧਾਰਮਿਕ ਕਾਰਜਾਂ ਵਿਚ ਰੁਝੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਉਤੇ 1999 ਵਿਚ 10 ਝੂਠੇ ਕੇਸ ਪਾਏ ਗਏ ਜਿਨ੍ਹਾਂ ਵਿਚੋਂ ਉਹ 8 ਕੇਸਾਂ ਵਿਚੋਂ ਬਰੀ ਹੋ ਚੁੱਕੇ ਹਨ ਅਤੇ ਇੱਕ ਕੇਸ ਡਰਾਅ ਹੋਇਆ ਹੈ ਅਤੇ ਇੱਕ ਕੇਸ ਵਿਚ ਉਨ੍ਹਾਂ ਨੂੰ 10 ਸਾਲ ਦੀ ਸ਼ਜਾ ਹੋਈ ਹੈ ਅਤੇ ਉਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਵਲੋਂ ਇਸ ਮਾਮਲੇ ਵਿਚ ਜਮਾਨਤ ਦਿੱਤੀ ਹੋਈ ਹੈ।