ਮੋਗਾ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਆਪਣੀ ਸਜ਼ਾ ਪੂਰੀ ਹੋਣ ਦੇ ਬਾਅਦ ਵੀ ਜੇਲਾਂ ਵਿਚ ਬੰਦ ਕੈਦੀਆਂ ਦੇ ਮਾਮਲੇ ‘ਤੇ ਫੈਸਲਾ ਰਾਜਪਾਲ ਨੇ ਕਰਨਾ ਹੈ ਅਤੇ ਪੰਜਾਬ ਸਰਕਾਰ ਇਸ ਵਿਚ ਕੁਝ ਨਹੀਂ ਕਰ ਸਕਦੀ। ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਦੇ ਬਾਅਦ ਵੀ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਵਿਚੋਂ ਬਹੁਤੇ ਕੈਦੀ ਪੰਜਾਬ ਤੋਂ ਬਾਹਰ ਦੀਆਂ ਜੇਲਾਂ ਵਿਚ ਬੰਦ ਹਨ। ਲਿਹਾਜ਼ਾ ਪੰਜਾਬ ਸਰਕਾਰ ਦਾ ਇਸ ਮਾਮਲੇ ਵਿਚ ਸਿੱਧਾ ਦਖਲ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਇਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਗੁਰਬਖਸ਼ ਸਿੰਘ ਮੋਹਾਲੀ ਵਿਖੇ ਕਾਫੀ ਦਿਨਾਂ ਤੱਕ ਭੁੱਖ ਹੜਤਾਲ ‘ਤੇ ਬੈਠੇ ਰਹੇ। ਇਸ ਦੌਰਾਨ ਪੁਲਸ ਨੇ ਗੁਰਬਖਸ਼ ਸਿੰਘ ਨੂੰ ਹਸਪਤਾਲ ਵਿਚ ਵੀ ਭਰਤੀ ਕਰਵਾਇਆ। ਚੌਥੇ ਵਿਸ਼ਵ ਕੱਪ ਕਬੱਡੀ ਦੇ ਸਮਾਪਨ ਸਮਾਰੋਹ ਦੌਰਾਨ ਵੀ ਇਕ ਸਿੱਖ ਨੌਜਵਾਨ ਨੇ ਇਸ ਮੁੱਦੇ ਵੱਲ ਧਿਆਨ ਦਿਵਾਉਣ ਲਈ ਸਟੇਜ ‘ਤੇ ਜਸਪਿੰਦਰ ਨਰੂਲਾ ਦਾ ਮਾਈਕ ਖੋਹ ਲਿਆ ਸੀ। ਪਰ ਇਸ ਦੇ ਬਾਵਜੂਦ ਅਜੇ ਤੱਕ ਇਸ ਮਾਮਲੇ ਵਿਚ ਕੋਈ ਸਾਰਥਕ ਹੱਲ ਨਹੀਂ ਹੋ ਸਕਿਆ ਹੈ।