ਸ੍ਰੀ ਹਰਿਮੰਦਰ ਸਾਹਿਬ ’ਚ ਪੁਰਾਤਨ ਸਰੂਪ ਨੂੰ ਕਾਇਮ ਰੱਖਣ ਲਈ ਕੰਧ ਕਲਾ ਦੀ ਸਾਂਭ ਸੰਭਾਲ ਨੇ ਫੜੀ ਤੇਜ਼ੀ

Must Read

*    ਸ਼੍ਰੋਮਣੀ ਕਮੇਟੀ ਪੁਰਾਤਨ ਸਰੂਪ ਨੂੰ ਕਾਇਮ ਰੱਖਣ ਲਈ ਬਜ਼ਿਦ
*    ਹਰਿਮੰਦਰ ਸਾਹਿਬ ਦੁਆਲੇ ਪ੍ਰਦੂਸ਼ਣ ਅਤੇ ਸ਼ਰਧਾਲੂਆਂ ਦੇ ਹੱਥ ਲੱਗਣ ਕਾਰਨ ਪ੍ਰਭਾਵਤ ਹੋ ਰਹੀ ਹੈ ਕੰਧ ਕਲ

ਅੰਮ੍ਰਿਤਸਰ, 29 ਜਨਵਰੀ : ਸ੍ਰੀ ਹਰਿਮੰਦਰ ਸਾਹਿਬ ਅੰਦਰ ਸੱਚਖੰਡ ਵਿਖੇ ਤਕਨੀਕੀ ਮਾਹਰਾਂ ਵੱਲੋਂ ਕੰਧ ਕਲਾ ਦੀ ਸਾਂਭ ਸੰਭਾਲ ਲਈ ਸ਼ੁਰੂ ਕੀਤੇ ਕੰਮ ਨੇ ਗਤੀ ਫੜ ਲਈ ਹੈ ਅਤੇ ਇਸ ਕੰਮ ਦੇ ਸਾਰਥਿਕ ਸਿੱਟੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮਾਹਰਾਂ ਵੱਲੋਂ ਇਥੇ ਸਾਂਭ ਸੰਭਾਲ ਦੇ ਕਾਰਜ ਦੌਰਾਨ ਨਵਾਂ ਕੁਝ ਕਰਨ ਦੀ ਥਾਂ ਕੰਧ ਕਲਾ ਦੇ ਪੁਰਾਤਨ ਸਰੂਪ ਨੂੰ ਹੀ ਕਾਇਮ ਰੱਖਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

ਮਾਹਿਰਾਂ ਦੀ ਸੱਤ ਮੈਂਬਰੀ ਟੀਮ ਵੱਲੋਂ ਇਥੇ ਪਹਿਲੇ ਪੜਾਅ ਵਿੱਚ ਖਰਾਬ ਹੋਈ ਕੰਧ ਕਲਾ ਨੂੰ ਸਾਫ਼ ਕਰਨ ਤੇ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਮਾਹਰਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ਦੀ ਛੱਤ ਨੂੰ ਦੂਜੀ ਵਾਰ ਬਾਰੀਕੀ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਇਸ ਸਫ਼ਾਈ ਦੌਰਾਨ ਕੁਝ ਰਸਾਇਣਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਸਾਫ਼ ਹੋਣ ਮਗਰੋਂ ਕੰਧ ਕਲਾ ਦੀ ਪੁਰਾਤਨ ਚਮਕ ਵਾਪਸ ਆ ਗਈ ਹੈ। ਇਸੇ ਤਰ੍ਹਾਂ ਕੰਧਾਂ ’ਤੇ ਸਫਾਈ ਕਰਨ ਮਗਰੋਂ ਹੋਏ ਨੁਕਸਾਨ ਨੂੰ ਠੀਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਿਨ੍ਹਾਂ ਥਾਵਾਂ ਤੋਂ ਕੰਧ ਕਲਾ ਦਾ ਕੁਝ ਹਿੱਸਾ ਪੂਰੀ ਤਰ੍ਹਾਂ ਗਾਇਬ ਹੈ, ਸਿਰਫ ਓਨੇ ਹਿੱਸੇ ਨੂੰ ਹੀ ਠੀਕ ਕੀਤਾ ਜਾ ਰਿਹਾ ਹੈ। ਇਸ ਕਾਰਵਾਈ ਦੌਰਾਨ ਪਹਿਲਾਂ ਕੰਧ ਕਲਾ ਦੇ ਹੇਠਲੇ ਹਿੱਸੇ ਨੂੰ ਮੁਰੰਮਤ ਕਰਕੇ ਇਸ ਦੇ ਉਪਰ ਰੰਗਾਂ ਦੀ ਵਰਤੋਂ ਨਾਲ ਮੁਰੰਮਤ ਕੀਤੀ ਜਾ ਰਹੀ ਹੈ। ਕਈ ਥਾਵਾਂ ਤੋਂ ਸਿਰਫ਼ ਰੰਗ ਫਿੱਕੇ ਹੋਏ ਹਨ ਅਤੇ ਸਿਰਫ਼ ਰੰਗਾਂ ਦੀ ਵਰਤੋਂ ਨਾਲ ਕੰਧ ਕਲਾ ਨੂੰ ਮੁੜ ਪੁਰਾਤਨ ਸਰੂਪ ਵਿੱਚ ਕਾਇਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵੇਲੇ ਮਾਹਿਰਾਂ ਵੱਲੋਂ ਕੁਝ ਕੰਧਾਂ ਅਤੇ ਛੱਤ ’ਤੇ ਸਾਂਭ ਸੰਭਾਲ ਦਾ ਕੰਮ ਕੀਤਾ ਹੈ, ਜਿੱਥੇ ਇਸ ਪੁਰਾਤਨ ਕੰਧ ਕਲਾ ਦੀ ਚਮਕ ਵਾਪਸ ਪਰਤ ਆਈ ਹੈ। ਇਹ ਚਮਕ ਖਰਾਬ ਹੋਏ ਹਿੱਸੇ ਨੂੰ ਦੇਖਣ ਮਗਰੋਂ ਸਪੱਸ਼ਟ ਨਜ਼ਰ ਆਉਂਦੀ ਹੈ। ਪਹਿਲੀ ਮੰਜ਼ਿਲ ’ਤੇ ਇਹ ਮੁਰੰਮਤ ਕਾਰਜ ਖਤਮ ਹੋਣ ਮਗਰੋਂ ਸੋਨੇ ਦੇ ਕੰਮ ਨੂੰ ਦੂਜੇ ਪੜਾਅ ਵਿੱਚ ਸ਼ੁਰੂ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਮਿਊਜ਼ੀਅਮ ਦੇ ਸਾਬਕਾ ਡਾਇਰੈਕਟਰ ਐਸ.ਪੀ.ਸਿੰਘ ਨੇ ਦੱਸਿਆ ਕਿ ਮਾਹਿਰਾਂ ਦੀ ਟੀਮ ਵੱਲੋਂ ਸਾਂਭ ਸੰਭਾਲ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਥੇ ਹੋਈ ਕੰਧ ਕਲਾ ਦੀ ਇੱਕ ਮੁਕੰਮਲ ਰਿਪੋਰਟ ਤਿਆਰ ਕੀਤੀ ਗਈ ਸੀ, ਜਿਸ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਸੀ। ਇਸ ਤੋਂ ਇਲਾਵਾ ਇਸ ਦੀ ਕਿਸ ਵਿਧੀ ਨਾਲ ਮੁਰੰਮਤ ਕੀਤੀ ਜਾ ਸਕਦੀ ਹੈ ਅਤੇ ਕਿਹੜੇ ਰੰਗਾਂ ਦੀ ਵਰਤੋਂ ਹੋਵੇਗੀ ਆਦਿ ਦੀ ਜਾਣਕਾਰੀ ਸ਼ਾਮਲ ਸੀ। ਉਨ੍ਹਾਂ ਆਖਿਆ ਕਿ ਇਹ ਬਾਰੀਕੀ ਦਾ ਕੰਮ ਹੈ ਅਤੇ ਇਸ ਨੂੰ ਬੜੇ ਧਿਆਨ ਨਾਲ ਕੀਤਾ ਜਾ ਰਿਹਾ ਹੈ। ਇਸ ਲਈ ਵਿਸ਼ੇਸ਼ ਤੌਰ ’ਤੇ ਕੁਦਰਤੀ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਵਿਦੇਸ਼ ਤੋਂ ਮੰਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਨੇ ਦੇ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਦੀ ਵੀ ਮੁਕੰਮਲ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿ ਇਥੇ ਚੱਲ ਰਹੇ ਸਾਂਭ ਸੰਭਾਲ ਦੇ ਕੰਮ ਦੌਰਾਨ ਪੁਰਾਤਨ ਸਰੂਪ ਨੂੰ ਹੀ ਮੁੜ ਸੁਰਜੀਤ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਵਿੱਚ ਕੁਝ ਵੀ ਨਵਾਂ ਸ਼ਾਮਲ ਨਹੀਂ ਹੋਵੇਗਾ। ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਇਸ ਪੁਰਾਤਨ ਕੰਧ ਕਲਾ ਅਤੇ ਸੋਨੇ ਦੇ ਹੋਏ ਕੰਮ ਨੂੰ ਪੁਰਾਤਨ ਸਰੂਪ ਵਿੱਚ ਹੀ ਸੰਭਾਲਣ ਦਾ ਯਤਨ ਕੀਤਾ ਜਾਵੇਗਾ। ਸਿਰਫ਼ ਉਨ੍ਹਾਂ ਥਾਵਾਂ ’ਤੇ ਨਵਾਂ ਕੰਮ ਕੀਤਾ ਜਾਵੇਗਾ, ਜਿੱਥੇ ਵਧੇਰੇ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਹੋਰ ਹੱਲ ਨਹੀਂ ਹੈ।

ਗੌਰਤਲਬ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਹਿੱਸੇ ਵਿੱਚ ਸਾਂਭ ਸੰਭਾਲ ਦਾ ਕੰਮ ਪਹਿਲੀ ਵਾਰ ਹੋ ਰਿਹਾ ਹੈ ਜਦੋਂਕਿ ਇਸ ਦੀਆਂ ਬਾਹਰਲੀਆਂ ਕੰਧਾਂ ’ਤੇ ਲੱਗੇ ਸੋਨੇ ਦੀ ਸੇਵਾ ਦਾ ਕੰਮ ਇੱਕ ਵਾਰ ਹੋ ਚੁੱਕਾ ਹੈ। ਇਹ ਕੰਮ 1995 ਵਿੱਚ ਇੰਗਲੈਂਡ ਦੇ ਨਿਸ਼ਕਾਮ ਸੇਵਕ ਜਥੇ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਇਹ ਕੰਮ ਚਾਰ ਸਾਲਾਂ ਵਿੱਚ ਮੁਕੰਮਲ ਕੀਤਾ ਸੀ। ਭਾਵੇਂ ਉਨ੍ਹਾਂ ਵੱਲੋਂ ਵੀ ਸੋਨੇ ਦੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ, ਪਰ ਕੁਝ ਖਾਮੀਆਂ ਰਹਿਣ ਕਾਰਨ ਹੁਣ ਇਹ ਸੋਨੇ ਦਾ ਰੰਗ ਲਾਲ ਹੋ ਜਾਂਦਾ ਹੈ, ਜਿਸ ਨੂੰ ਠੀਕ ਕਰਨ ਲਈ ਹਰ ਸਾਲ ਇਸ ਦੀ ਧੁਆਈ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਅਤੇ ਕੰਧ ਕਲਾ ਸਮੇਤ ਸੰਗਮਰਮਰ ਵਿੱਚ ਟੁਕੜੀ, ਮੋਹਰਾ ਕੱਸ਼ੀ ਤੇ ਗੱਚ ਦਾ ਕੰਮ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 1830 ਵਿੱਚ ਹੋਇਆ ਸੀ। ਉਸ ਵੇਲੇ ਅਨੁਮਾਨ ਮੁਤਾਬਕ ਲਗਪਗ 65 ਲੱਖ ਰੁਪਏ ਖਰਚ ਹੋਏ ਸਨ।

ਇਥੇ ਚੱਲ ਰਹੇ ਕੰਮ ਦਾ ਅੱਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਜਾਇਜ਼ਾ ਲਿਆ ਅਤੇ ਮਾਹਿਰਾਂ ਨਾਲ ਗੱਲਬਾਤ ਵੀ ਕੀਤੀ ਹੈ। ਉਨ੍ਹਾਂ ਆਖਿਆ ਕਿ ਇਥੇ ਕੰਧ ਕਲਾ ਦੇ ਪੁਰਾਤਨ ਸਰੂਪ ਨੂੰ ਹੀ ਕਾਇਮ ਰੱਖਿਆ ਜਾਵੇਗਾ ਅਤੇ ਇਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋਵੇਗੀ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵੱਧ ਰਹੇ ਪ੍ਰਦੂਸ਼ਣ ਕਾਰਨ ਇਹ ਬਹੁਮੁੱਲੀ ਕੰਧ ਕਲਾ, ਸੋਨੇ ਦਾ ਕੰਮ, ਸੰਗਮਰਮਰ ਦੇ ਪੱਥਰ ’ਤੇ ਹੋਇਆ ਟੁਕੜੀ ਵਰਕ ਆਦਿ ਪ੍ਰਭਾਵਿਤ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਈ ਥਾਵਾਂ ਤੋਂ ਕੰਧ ਕਲਾ ਖਰਾਬ ਹੋ ਚੁੱਕੀ ਹੈ। ਇਸੇ ਤਰ੍ਹਾਂ ਕਈ ਥਾਵਾਂ ਤੋਂ ਸੋਨੇ ਦੇ ਪੱਤਰੇ ਉਖੜ ਚੁੱਕੇ ਹਨ। ਖਾਸ ਕਰਕੇ ਪਹਿਲੀ ਮੰਜ਼ਿਲ ਨੂੰ ਜਾਣ ਵਾਲੀਆਂ ਪੌੜੀਆਂ ਵਿੱਚ ਹੋਈ ਕੰਧ ਕਲਾ ਤਾਂ ਸ਼ਰਧਾਲੂਆਂ ਦੇ ਹੱਥ ਲੱਗਣ ਕਾਰਨ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਜਦਕਿ ਪਹਿਲੀ ਮੰਜ਼ਿਲ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਸ਼ੀਸ਼ੇ ਲਗਵਾ ਦਿੱਤੇ ਗਏ ਸਨ। ਹੁਣ ਇਨ੍ਹਾਂ ਸ਼ੀਸ਼ਿਆਂ ਨੂੰ ਹਟਾ ਕੇ ਹੇਠਾਂ ਖਰਾਬ ਹੋਈ ਕੰਧ ਕਲਾ ਨੂੰ ਠੀਕ ਕੀਤਾ ਜਾ ਰਿਹਾ ਹੈ।

- Advertisement -
- Advertisement -

Latest News

Canadian Prime Minister Justin Trudeau Resigns amid Trump Pressure

KEY SUMMARY POINTS: Source says Trudeau is likely to announce resignation but no final decision has been made Trudeau...

More Articles Like This

- Advertisement -