ਸ੍ਰੀ ਮੁਕਤਸਰ ਸਾਹਿਬ, 26 ਅਗਸਤ -ਸਿੱਖ ਦੀ ਸਿੱਖ ਨਾਲ ਆਪਸੀ ਲੜਾਈ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੀ ਹੈ, ਪਰ ਜੇਕਰ ਇਹ ਲੜਈ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਜਥੇਦਾਰ ਰਹੇ ਇੱਕ ਸਖਸ਼ ਵੱਲੋਂ ਜਾਣਬੁੱਝ ਕੇ ਵਧਾਈ ਜਾ ਰਹੀ ਹੋਵੇ ਤਾਂ ਪੰਥਕ ਹਲਕਿਆਂ ‘ਚ ਇਸਦੀ ਚਰਚਾ ਲਾਜਮੀ ਹੈ।
ਬੀਤੇ ਕੱਲ ਅਜਿਹੀ ਹੀ ਇੱਕ ਘਟਨਾ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਭਾਈ ਮਹਾਂ ਸਿੰਘ ਹਾਲ ਵਿਖੇ ਹੋਈ, ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੇ ਕੀਰਤਨ ਨਾ ਕਰਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਦੇ ਇੱਕ ਕੀਰਤਨੀ ਵਿਦਿਆਲੇ ਸਬੰਧੀ ਭਾਈ ਜਸਵੀਰ ਸਿੰਘ ਰੋਡੇ ਅਤੇ ਇੱਕ ਹੋਰ ਗਰੁੱਪ ਵਿਚਕਾਰ ਵਿਵਾਦ ਚੱਲ ਰਿਹਾ ਹੈ। ਸੂਤਰਾਂ ਅਨੁਸਾਰ ਇੱਕ ਗਰੁੱਪ ‘ਚ ਭਾਈ ਜਸਵੀਰ ਸਿੰਘ ਰੋਡ, ਹਰਨਾਮ ਸਿੰਘ ਧੁੰਮਾ ਅਤੇ ਹੋਰ ਪੰਥਕ ਸਖਸ਼ੀਅਤਾਂ ਹਨ ਤਾਂ ਦੂਜੇ ਪਾਸੇ ਭਾਈ ਰਾਮ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਸਿੰਘ ਅਤੇ ਭਾਈ ਬਲਦੇਵ ਸਿੰਘ ਵਡਾਲਾ ਹਨ। ਇਸ ਵਿਵਾਦ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਅੰਦਰੋ ਅੰਦਰੀ ਭਾਈ ਬਲਦੇਵ ਸਿੰਘ ਵਡਾਲਾ ਦੇ ਵਿਰੋਧੀ ਬਣ ਚੁੱਕੇ ਹਨ।
ਬੀਤੇ ਕੱਲ ਹੋਈ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਸਿੱਖ ਵਿਰਸਾ ਕੌਂਸਲ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਬੀਤੇ ਕੱਲ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਦਮਦਮੀ ਟਕਸਾਲ ਨਾਲ ਸਬੰਧ ਰੱਖਦੇ ਭਾਈ ਅਮਰਜੀਤ ਸਿੰਘ ਦੀ ਪੁੱਤਰੀ ਦਾ ਆਨੰਦ ਕਾਰਜ ਸੀ ਅਤੇ ਪਰਿਵਾਰ ਨੇ ਆਨੰਦ ਕਾਰਜ ਲਈ ਭਾਈ ਬਲਦੇਵ ਸਿੰਘ ਵਡਾਲਾ ਦਾ ਕੀਰਤਨੀ ਜਥਾ ਬੁਲਾਇਆ ਸੀ। ਇਸ ਸਮਾਗਮ ਦੌਰਾਨ ਭਾਈ ਜਸਵੀਰ ਸਿੰਘ ਰੋਡ, ਕੈਪਟਨ ਹਰਚਰਨ ਸਿੰਘ ਰੋਡ, ਹਰਨਾਮ ਸਿੰਘ ਧੁੰਮਾ ਦੇ ਧੜੇ ਨਾਲ ਸਬੰਧਿਤ ਟਕਸਾਲੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਸੁਪੱਤਰ ਭਾਈ ਈਸ਼ਰ ਸਿੰਘ ਵੀ ਪਹੁੰਚਿਆ ਸੀ। ਸਮਾਗਮ ਦੌਰਾਨ ਸਟੇਜ ਦੀ ਸੇਵਾ ਭਾਈ ਪਰਮਿੰਦਰਪਾਲ ਸਿੰਘ ਨੇ ਸੰਭਾਲੀ ਹੋਈ ਸੀ। ਕੌਂਸਲ ਦੇ ਅਹੁਦੇਦਾਰਾਂ ਅਨੁਸਾਰ ਪਹਿਲਾ 15 ਮਿੰਟ ਟਕਸਾਲ ਦੇ ਜੱਥੇ ਭਾਈ ਲਹਿਣਾ ਸਿੰਘ ਨੇ ਕੀਰਤਨ ਕਰਨਾ ਸੀ ਅਤੇ ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਕੀਰਤਨ ਕੀਤਾ ਜਾਣਾ ਸੀ। ਜਦ ਕੀਰਤਨੀ ਜੱਥੇ ਨੂੰ ਕੀਰਤਨ ਸਮਾਪਤ ਕਰਨ ਲਈ ਕਿਹਾ ਗਿਆ ਤਾਂ ਕੀਰਤਨੀ ਜੱਥੇ ਨੇ ਕਿਹਾ ਕਿ ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਹੈ ਕਿ ਭਾਈ ਬਲਦੇਵ ਸਿੰਘ ਵਡਾਲਾ ਨੂੰ ਸਮਾਂ ਨਹੀਂ ਦਿੱਤਾ ਜਾਵੇਗਾ, ਜਦ ਕੌਂਸਲ ਦੇ ਅਹੁਦੇਦਾਰਾਂ ਇਸ ਸਬੰਧੀ ਸਟੇਜ ਸਕੱਤਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਕਿਹਾ ਕਿ ਭਾਈ ਰੋਡੇ ਦੇ ਕਹਿਣ ਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਸਮਾਂ ਨਹੀਂ ਦਿੱਤਾ ਜਾਣਾ। 9 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਉਡੀਕ ਕਰਨ ਉਪਰੰਤ ਜਦ ਭਾਈ ਬਲਦੇਵ ਸਿੰਘ ਵਡਾਲਾ ਨੇ ਸਾਥੀਆਂ ਨੂੰ ਕੀਰਤਨੀ ਸਾਜ ਗੱਡੀ ‘ਚ ਰੱਖਣ ਲਈ ਆਖਿਆ ਤਾਂ ਸਿੱਖ ਵਿਰਸਾ ਕੌਂਸਲ ਦੇ ਮੈਂਬਰਾਂ ਨੇ ਸਾਰੀ ਗੱਲਬਾਤ ਪੁੱਛੀ ਅਤੇ ਭਾਈ ਜਸਵੀਰ ਸਿੰਘ ਰੋਡੇ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਭਾਈ ਬਲਦੇਵ ਸਿੰਘ ਵਡਾਲਾ ਨੇ ਸਮੇਂ ਦੀ ਨਜਾਕਤ ਨੂੰ ਸਮਝਦਿਆ ਕਿਹਾ ਕਿ ਗੁਰਸਿੱਖ ਪਰਿਵਾਰ ਦੀ ਬੱਚੀ ਦੇ ਆਨੰਦ ਕਾਰਜ ਹਨ ਅਤੇ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣਾ ਚਾਹੀਦਾ।
ਭਾਈ ਬਲਦੇਵ ਸਿੰਘ ਵਡਾਲਾ ਦੀ ਸਿਆਣਪ ਨਾਲ ਭਾਵੇ ਕੱਲ ਇਹ ਮਸਲਾ ਸ਼ਾਂਤ ਹੋ ਗਿਆ ਪਰ ਜੇਕਰ ਭਾਈ ਜਸਵੀਰ ਸਿੰਘ ਰੋਡੇ ਵਾਲੀ ਨੀਤੀ ਹੀ ਭਾਈ ਬਲਦੇਵ ਸਿੰਘ ਵਡਾਲਾ ਅਪਣਾਉਦੇ ਤਾ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਸੀ। ਇੱਕ ਪਾਸੇ ਸਟਝੇਜਾਂ ਤੇ ਗੁਰੂ ਕੇ ਵਜੀਰਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਦੀਆਂ ਗੱਲਾਂ ਕਰਨ ਵਾਲੇ ਸਾਡੇ ਜਥੇਦਾਰ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿੰਤਸਰ ਸਾਹਿਬ ਦੇ ਹਜ਼ੂਰੀ ਰਾਗੀ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ। ਸਾਡੇ ਆਪਸੀ ਲੱਖ ਮਤਭੇ ਹੋ ਸਕਦੇ ਹਨ ਪਰ ਜੇਕਰ ਗੁਰੂ ਦੀ ਹਜ਼ੂਰੀ ‘ਚ ਇੱਕ ਸਿੱਖ ਪਰਿਵਾਰ ਦੇ ਸਮਾਗਮ ਤੇ ਆ ਕੇ ਵੀ ਅਸੀ ਸਿੱਖ ਵਜੋਂ ਵੀ ਕਿਸੇ ਵਿਅਕਤੀ ਨੂੰ ਸਤਿਕਾਰ ਨਹੀਂ ਦੇ ਸਕਦੇ ਤਾਂ ਇਹ ਕਹਿਣਾ ਸਪੱਸ਼ਟ ਹੈ ਕਿ ਕਿਤੇ ਨਾ ਕਿਤੇ ਸਾਡੇ ਤੇ ਹਊਮੈ ਭਾਰੀ ਹੋ ਚੂੱਕੀ ਹੈ। ਓਧਰ ਸਿੱਖ ਜੱਥੇਬੰਦੀਆਂ ਦੇ ਪ੍ਰਤੱਖ ਦਰਸ਼ੀ ਆਗੂਆਂ ਨੇ ਦੱਸਿਆ ਕਿ ਜਦ ਪਰਿਵਾਰ ਨੇ ਬਿਨ੍ਹਾਂ ਕੀਰਤਨ ਕਰਕੇ ਜਾ ਰਹੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਮਾਇਆ ਭੇਟਾ ਦੇਣੀ ਚਾਹੀ ਤਾਂ ਉਨ੍ਹਾ ਨੇ ਸਪੱਸ਼ਟ ਤੌਰ ਤੇ ਇਸ ਤੋਂ ਇਨਕਾਰ ਕਰ ਦਿੱਤਾ।