ਲੁਧਿਆਣਾ, 21 ਫਰਵਰੀ : ਲੋਕ ਸਭਾ ਹਲਕਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਐਡਵੋਕੇਟ ਐਚ.ਐਸ. ਫੂਲਕਾ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਉਪਰ ਪੈਸੇ ਲੈ ਕੇ ਕੇਸ ਲੜਨ ਦੇ ਲਾਏ ਦੋਸ਼ਾਂ ਦੇ ਖੰਡਨ ਤੋਂ ਬਾਅਦ ਅੱਜ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਦੋਸ਼ਾਂ ਦਾ ਵੀ ਖੰਡਨ ਕਰ ਦਿੱਤਾ ਹੈ। ਜਥੇਦਾਰ ਮੱਕੜ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਫੂਲਕਾ ਵੱਲੋਂ ਸੁਝਾਏ ਵਕੀਲਾਂ ਦੇ ਪੈਨਲ ਨੂੰ 42 ਲੱਖ ਰੁਪਏ ਅਦਾ ਕੀਤੇ ਹਨ। ਸ੍ਰੀ ਫੂਲਕਾ ਨੇ ਅੱਜ ਇਸ ਦੇ ਜੁਆਬ ਵਿੱਚ ਕਿਹਾ ਹੈ ਕਿ ਵਕੀਲਾਂ ਨੂੰ ਹਾਲੇ ਤੱਕ 7 ਲੱਖ ਰੁਪਏ ਹੀ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਿੱਧੇ ਤੌਰ ’ਤੇ 5 ਵਕੀਲਾਂ ਨੂੰ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਕੇਸਾਂ ਵਿੱਚ 42 ਲੱਖ ਰੁਪਏ ਦੇਣੇ ਤੈਅ ਕੀਤੇ ਸਨ। ਉਨ੍ਹਾਂ ਨੇ ਇਨ੍ਹਾਂ ਵਕੀਲਾਂ ਤੋਂ ਪਤਾ ਕੀਤਾ ਹੈ ਇਨ੍ਹਾਂ ਨੂੰ 7 ਲੱਖ ਰੁਪਏ ਹੀ ਦਿੱਤੇ ਗਏ ਹਨ।
42 ਲੱਖ ਰੁਪਏ ਦੀ ਰਕਮ ਅਦਾ ਕਰਨ ਦਾ ਬਿਆਨ ਦੇ ਕੇ ਜਥੇਦਾਰ ਨੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਕੀਲਾਂ ਵਿੱਚ ਕਾਮਨਾ ਵੋਹਰਾ ਨੂੰ 20 ਕੇਸ ਲੜਨ ਲਈ 5 ਲੱਖ, ਗੁਰਬਖਸ਼ ਸਿੰਘ ਨੂੰ ਚਾਰ ਕੇਸਾਂ ਲਈ ਇਕ ਲੱਖ, ਜਗਜੀਤ ਸਿੰਘ ਨੂੰ ਪੰਜ ਕੇਸ ਲੜਨ ਲਈ ਇਕ ਲੱਖ ਦਿੱਤੇ ਹਨ, ਜਦਕਿ ਜਸਮੀਤ ਸਿੰਘ ਨੂੰ 5 ਕੇਸ ਲੜਨ ਬਦਲੇ ਹਾਲੇ ਤੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਗਈ। 42 ਲੱਖ ਦੀ ਅਦਾਇਗੀ ਦੱਸ ਕੇ ਇਨ੍ਹਾਂ ਵਕੀਲਾਂ ਦੀ ਤੌਹੀਨ ਕੀਤੀ ਹੈ। ਜਦਕਿ ਇੰਨੀ ਘੱਟ ਫੀਸ ’ਤੇ ਲੜਨ ਬਦਲੇ ਵਕੀਲਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਦੇ ਦੇਣ-ਲੈਣ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ।
ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਦਾ ਇਸ ਕਸਬੇ ਅੰਦਰ ਬੀਤੀ ਦੇਰ ਰਾਤ ਵਰਕਰਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਸ੍ਰੀ ਫੂਲਕਾ ਨੇ ਕਿਹਾ ਕਿ ਜਿਹੜੇ ਨੇਤਾ ਚੋਣਾਂ ਨੇੜੇ ਨਸ਼ਾ ਰੋਕਣ ਦੇ ਦਾਅਵੇ ਕਰਦੇ ਹਨ, ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਨਸ਼ੇ ਦੀਆਂ ਨਦੀਆਂ ਵਗਾ ਰਹੇ ਸਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਕ੍ਰਾਈਸਟਪਾਲ ਸਿੰਘ ਰਾਉਲ, ਜੇ.ਬੀ. ਰਾਓ, ਜੇ.ਐਸ. ਖਾਲਸਾ ਅਤੇ ਵਿਨੈ ਵਰਮਾ ਸਮੇਤ ਹੋਰ ਵਰਕਰ ਹਾਜ਼ਰ ਸਨ।