ਨਵੀਂ ਦਿੱਲੀ 25 ਮਾਰਚ (ਅਦਿਤੀ ਟੰਡਨ) :- ਕਾਂਗਰਸ ਪਾਰਟੀ ਨੇ ਅੱਜ ਲੋਕ ਸਭਾ ਚੋਣਾਂ ਲਈ ਨਵੀਂ ਸੂਚੀ ਜਾਰੀ ਕਰਦਿਆਂ ਲੁਧਿਆਣਾ ਹਲਕੇ ਨੂੰ ਲੈ ਕੇ ਪਿਆ ਰੇੜਕਾ ਤੇ ਕਿਆਸਅਰਾਈਆਂ ਨੂੰ ਬੰਨ੍ਹ ਲਾ ਦਿੱਤਾ ਹੈ। ਪਾਰਟੀ ਨੇ ਆਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣੇ ਤੋਂ ਉਮੀਦਵਾਰ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਲਈ ਹੋਰ ਸੀਟਾਂ ’ਤੇ ਨਾਵਾਂ ਦਾ ਐਲਾਨ ਕਰਦਿਆਂ ਪਾਰਟੀ ਨੇ ਮਹਿੰਦਰ ਸਿੰਘ ਕੇਪੀ ਨੂੰ ਹੁਸ਼ਿਆਰਪੁਰ (ਰਿਜ਼ਰਵ) ਤੋਂ, ਚੌਧਰੀ ਸੰਤੋਖ ਸਿੰਘ ਨੂੰ ਜਲੰਧਰ (ਰਿਜ਼ਰਵ) ਤੋਂ ਟਿਕਟ ਦੇਣ ਦਾ ਫੈਸਲਾ ਕੀਤਾ ਹੈ। ਹੁਸ਼ਿਆਰਪੁਰ ਤੋਂ ਕੇਪੀ ਨੂੰ ਲਾਹੁਣ ਦੇ ਪਾਰਟੀ ਦੇ ਫੈਸਲੇ ਨਾਲ ਕੇਂਦਰ ’ਚ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ ਦੀ ਟਿਕਟ ਕੱਟੀ ਗਈ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਤੋਂ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਗਏ ਚੌਧਰੀ ਸੰਤੋਖ ਸਿੰਘ ਦਾ ਪੁੱਤਰ ਵਿਕਰਮ ਚੌਧਰੀ ਵੀ ਕਾਂਗਰਸ ਦੀ ਟਿਕਟ ਦਾ ਵੱਡਾ ਦਾਅਵੇਦਾਰ ਸੀ। ਵਿਕਰਮ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਹੈ ਤੇ ਪਿਛਲੇ ਸਮੇਂ ਤੋਂ ਉਹ ਕਾਫੀ ਸਰਗਰਮ ਸੀ। ਕਾਂਗਰਸ ਸਰਕਾਰਾਂ ਵਿੱਚ ਸੀਨੀਅਰ ਮੰਤਰੀ ਰਹੇ ਮਾਸਟਰ ਗੁਰਬੰਤਾ ਸਿੰਘ ਦੇ ਪੁੱਤਰ ਸੰਤੋਖ ਸਿੰਘ ਚੌਧਰੀ ਪਿਛਲੀ ਵਾਰ ਫਿਲੌਰ ਤੋਂ ਅਸੈਂਬਲੀ ਚੋਣ ਹਾਰ ਚੁੱਕੇ ਹਨ। ਐਤਕੀਂ ਉਨ੍ਹਾਂ ਨੂੰ ਟਿਕਟ ਅਕਾਲੀ-ਭਾਜਪਾ ਗਠਜੋੜ ਦੇ ਜਲੰਧਰ ਤੋਂ ਉਮੀਦਵਾਰ ਪਵਨ ਟੀਨੂ ਨੂੰ ਕਾਟ ਕਰਨ ਲਈ ਦਿੱਤੀ ਗਈ ਹੈ। ਦੋਵੇਂ ਆਗੂ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹਨ। ਰਵਨੀਤ ਸਿੰਘ ਬਿੱਟੂ ਦੇ ਪਰਿਵਾਰ ਦਾ ਲੁਧਿਆਣਾ ਖੇਤਰ ਵਿੱਚ ਚੰਗਾ ਰਸੂਖ ਹੈ। ਇਸ ਤੋਂ ਪਹਿਲਾਂ ਬਿੱਟੂ ਨੂੰ ਪੁਰਾਣੀ ਸੀਟ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਸੀ। ਹੁਣ ਉਸ ਦੀ ਥਾਂ ਉਥੋਂ ਅੰਬਿਕਾ ਸੋਨੀ ਕਾਂਗਰਸ ਦੇ ਉਮੀਦਵਾਰ ਹਨ। ਬਿੱਟੂ ਦੇ ਮਰਹੂਮ ਦਾਦਾ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਲੁਧਿਆਣਾ ਹਲਕੇ ਦੇ ਪਾਇਲ ਇਲਾਕੇ ਨਾਲ ਸਬੰਧਤ ਸਨ। ਬਿੱਟੂ ਨੂੰ ਲੁਧਿਆਣੇ ਤੋਂ ਹਿੰਦੂ ਵੋਟ ਵੀ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਬੇਅੰਤ ਸਿੰਘ ਅਤਿਵਾਦ ਨਾਲ ਲੜਾਈ ਲੜਦਿਆਂ ਜਾਨ ਗੁਆ ਬੈਠੇ ਸਨ। ਇਸ ਤੋਂ ਪਹਿਲਾਂ ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੂੰ ਲੁਧਿਆਣੇ ਤੋਂ ਚੋਣ ਲੜਾਈ ਜਾਣੀ ਸੀ ਪਰ ਉਹ ਆਪਣੀ ਸਿਹਤ ਖਰਾਬ ਹੋਣ ਦੇ ਆਧਾਰ ਤੋਂ ਇਸ ਜ਼ਿੰਮੇਵਾਰੀ ਤੋਂ ਜੁਆਬ ਦੇ ਗਏ ਸਨ।
ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਦੇ ਤਕੜੇ ਉਮੀਦਵਾਰਾਂ ਦੇ ਟਾਕਰੇ ਆਪਣੇ ਸੀਨੀਅਰ ਆਗੂਆਂ ਨੂੰ ਉਤਾਰਨ ਦੀ ਰਣਨੀਤੀ ਜਾਰੀ ਰੱਖਦਿਆਂ ਕਾਂਗਰਸ ਨੇ ਅੱਜ ਗੁਜਰਾਤ ਤੋਂ ਆਪਣੇ ਬਹੁਤ ਸੀਨੀਅਰ ਆਗੂ ਮਧੂਸੂਦਨ ਮਿਸਤਰੀ ਨੂੰ ਵੜੋਦਰਾ ਤੋਂ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਟਾਕਰੇ ’ਤੇ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ।
ਪਾਰਟੀ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੂੰ ਨਾਂਦੇੜ ਤੋਂ ਸੀਟ ਦਿੱਤੀ ਹੈ। ਚਵਾਨ ਦਾ ਨਾਮ ਆਦਰਸ਼ ਹਾਊਸਿੰਗ ਘੁਟਾਲੇ ’ਚ ਸ਼ਾਮਲ ਹੈ। ਮਧੂਸੂਦਨ ਮਿਸਤਰੀ ਨੂੰ ਹਾਲ ਹੀ ’ਚ ਕਾਂਗਰਸ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ ਪਰ ਹੁਣ ਪਾਰਟੀ ਨੇ ਉਨ੍ਹਾਂ ਨੂੰ ਮੋਦੀ ਦੇ ਖਿਲਾਫ ਚੋਣ ਪਿੜ ’ਚ ਉਤਾਰਨ ਦਾ ਫੈਸਲਾ ਕੀਤਾ ਹੈ। ਰਾਹੁਲ ਗਾਂਧੀ ਵੱਲੋਂ ਅਮਰੀਕਾ ਦੀ ਤਰਜ਼ ’ਤੇ ਉਮੀਦਵਾਰਾਂ ਦੀਆਂ ਕਰਾਈਆਂ ਗਈਆਂ ਅੰਦਰੂਨੀ ਚੋਣਾਂ ’ਚ ਨਰਿੰਦਰ ਰਾਵਤ ਚੋਣ ਜਿੱਤੇ ਸਨ। ਸ੍ਰੀ ਚਵਾਨ ਦੇ ਮਾਮਲੇ ਵਿੱਚ ਹੀ ’ਚ ਸੀਬੀਆਈ ਨੇ ਕਿਹਾ ਸੀ ਕਿ ਆਦਰਸ਼ ਘੁਟਾਲੇ ’ਚ ਪੈਸੇ ਦੇ ਲੈਣ-ਦੇਣ ਨਾਲ ਚਵਾਨ ਦਾ ਕੋਈ ਵੀ ਲਿੰਕ ਨਹੀਂ ਜੁੜਦਾ। ਇਸੇ ਦੌਰਾਨ ਉਨ੍ਹਾਂ ਦੀ ਪਤਨੀ ਅਮਿਤਾ ਚਵਾਨ ਨਾਂਦੇੜ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰ ਰਹੀ ਸੀ। ਪਾਰਟੀ ਨੇ ਆਪਣਾ ਆਧਾਰ ਬਚਾਉਣ ਲਈ ਉਸੇ ਤਰਕ ’ਤੇ ਚਵਾਨ ਨੂੰ ਟਿਕਟ ਦਿੱਤੀ ਹੈ ਜਿਸ ਤਰਕ ਨਾਲ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਦਿੱਤੀ ਗਈ ਸੀ। ਪਾਰਟੀ ਦਾ ਕਹਿਣਾ ਸੀ ਕਿ ਜਦ ਤਕ ਅਦਾਲਤ ਵੱਲੋਂ ਉਨ੍ਹਾਂ ਵਿਰੁੱਧ ਦੋਸ਼ ਨਹੀਂ ਲਾਏ ਜਾਂਦੇ, ਉਦੋਂ ਤਕ ਉਹ ਕਾਨੂੰਨੀ ਤੌਰ ’ਤੇ ਕਿਸੇ ਵੀ ਤਰ੍ਹਾਂ ਦਾਗ਼ੀ ਨਹੀਂ ਹਨ।