ਮਾਲੇਰਕੋਟਲਾ, (ਸ਼ਹਾਬੂਦੀਨ, ਭੁੱਲਰ)- ਅੱਜ ਇਥੇ ਸ਼ਹਿਰ ‘ਚ ਸਵੇਰੇ ਸਾਢੇ 10 ਵਜੇ ਦੇ ਕਰੀਬ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਇਕ 14 ਸਾਲਾ ਲੜਕੇ ਨੂੰ ਅੱਗ ਲਗਾ ਕੇ ਤੜਫਦਿਆਂ ਛੱਡ ਕੇ ਫਰਾਰ ਹੋ ਗਏ, ਜਿਸਦੀ ਲੁਧਿਆਣਾ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਮੌਕੇ ‘ਤੇ ਪਹੁੰਚ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਛੋਟਾ ਚੌਕ ਬਾਜ਼ਾਰ ਨੇੜੇ ਪਾਨਾਂ ਦੀ ਦੁਕਾਨ ਕਰਦੇ ਨਵਨੀਨ ਜੈਨ ਦਾ ਸਥਾਨਕ ਐੱਸ. ਐੱਸ. ਜੈਨ ਮਾਡਲ ਸਕੂਲ ਵਿਚ 7ਵੀਂ ਕਲਾਸ ‘ਚ ਪੜ੍ਹਦਾ 14 ਸਾਲਾ ਪੁੱਤਰ ਵਿਧੂ ਜੈਨ ਸੋਮਵਾਰ ਸਵੇਰੇ ਸਾਢੇ 10 ਵਜੇ ਦੇ ਕਰੀਬ ਸੈਮਸੰਨਜ਼ ਕਾਲੋਨੀ ਵਿਖੇ ਸਥਿਤ ਬਸੰਤ ਵੈਲੀ ਸਕੂਲ ਵਿਚ ਪੜ੍ਹਦੇ ਆਪਣੇ ਛੋਟੇ ਭਰਾ ਨੂੰ ਰੋਟੀ ਦੇਣ ਲਈ ਘਰੋਂ ਸਾਈਕਲ ‘ਤੇ ਸਵਾਰ ਹੋ ਕੇ ਨਿਕਲਿਆ ਸੀ, ਜੋ ਕੁਝ ਹੀ ਸਮੇਂ ਬਾਅਦ ਸਥਾਨਕ ਪ੍ਰਮੇਸ਼ਰੀ ਦਾਸ ਪੈਟਰੋਲ ਪੰਪ ਦੇ ਪਿੱਛੇ ਨਵੀਂ ਕੱਟੀ ਗਈ ਨਵਾਬ ਕਾਲੋਨੀ ਦੇ ਖਾਲੀ ਪਏ ਪਲਾਟਾਂ ਵਿਚਕਾਰ ਦੁਕਾਨ ਨੁਮਾ ਬਿਨਾਂ ਗੇਟ ਤੋਂ ਖਾਲੀ ਪਈ ਇਕ ਬਿਲਡਿੰਗ ‘ਚ ਅੱਗ ਦੀਆਂ ਲਪਟਾਂ ‘ਚ ਬੁਰੀ ਤਰ੍ਹਾਂ ਝੁਲਸਦਾ ਹੋਇਆ ਬਚਾਓ-ਬਚਾਓ ਦੀਆਂ ਚੀਕਾਂ ਮਾਰਦਾ ਮਿਲਿਆ। ਘਟਨਾ ਸਥਾਨ ਨੇੜਿਓਂ ਲੰਘ ਰਹੇ ਇਕ ਸਕੂਟਰ ਸਵਾਰ ਪੁਲਸ ਮੁਲਾਜ਼ਮ ਸਣੇ ਹੋਰ ਲੋਕਾਂ ਨੇ ਲੜਕੇ ਦੀਆਂ ਚੀਕਾਂ ਸੁਣ ਕੇ ਜਦੋਂ ਉਕਤ ਦੁਕਾਨ ‘ਚ ਜਾ ਕੇ ਦੇਖਿਆ ਤਾਂ ਉਹ ਅੱਗ ‘ਚ ਬੁਰੀ ਤਰ੍ਹਾਂ ਝੁਲਸਣ ਕਾਰਨ ਤੜਫ ਰਿਹਾ ਸੀ। ਉਕਤ ਪੁਲਸ ਮੁਲਾਜ਼ਮ ਨੇ ਤੁਰੰਤ 108 ਐਂਬੂਲੈਂਸ ਅਤੇ ਥਾਣੇ ‘ਚ ਪੁਲਸ ਨੂੰ ਸੂਚਿਤ ਕੀਤਾ। ਬੁਰੀ ਤਰ੍ਹਾਂ ਝੁਲਸੇ ਲੜਕੇ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਕਿ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦਿਆਂ ਤੁਰੰਤ ਲੁਧਿਆਣਾ ਰੈਫਰ ਕਰ ਦਿੱਤਾ। ਲੁਧਿਆਣਾ ਪਹੁੰਚ ਕੇ ਲੜਕੇ ਦੀ ਮੌਤ ਹੋ ਗਈ।
ਲੜਕੇ ਦੀ ਮੌਤ ਹੋ ਜਾਣ ਦੇ ਰੋਸ ਵਜੋਂ ਮ੍ਰਿਤਕ ਦੇ ਰਿਸ਼ਤੇਦਾਰਾਂ, ਇਲਾਕਾ ਵਾਸੀਆਂ ਅਤੇ ਸ਼ਹਿਰ ਦੀਆਂ ਕਈ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਸ਼ਹਿਰ ‘ਚ ਸ਼ਾਂਤਮਈ ਰੋਸ ਮਾਰਚ ਕਰਦਿਆਂ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਕਰਵਾਉਣ ਉਪਰੰਤ ਜਰਗ ਚੌਕ ਵਿਖੇ ਪਹੁੰਚ ਕੇ ਚੱਕਾ ਜਾਮ ਕਰ ਦਿੱਤਾ। ਗੰਭੀਰ ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਤੁਰੰਤ ਸੰਦੌੜ, ਅਮਰਗੜ੍ਹ, ਅਤੇ ਅਹਿਮਦਗੜ੍ਹ ਆਦਿ ਥਾਣਿਆਂ ਤੋਂ ਇਲਾਵਾ ਸੰਗਰੂਰ ਤੋਂ ਵੀ ਭਾਰੀ ਪੁਲਸ ਫੋਰਸ ਮੰਗਵਾ ਕੇ ਸ਼ਹਿਰ ਦੇ ਚੱਪੇ-ਚੱਪੇ ‘ਤੇ ਤਾਇਨਾਤ ਕਰ ਦਿੱਤੀ।
ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਭੜਕੇ ਰਿਸ਼ਤੇਦਾਰਾਂ, ਇਲਾਕਾ ਵਾਸੀਆਂ ਅਤੇ ਸ਼ਹਿਰ ਦੀਆਂ ਕਈ ਸੰਸਥਾਵਾਂ ਵਲੋਂ ਇਕੱਠੇ ਹੋ ਕੇ ਟਰੱਕ ਯੂਨੀਅਨ ਚੌਕ ਤੋਂ ਇਲਾਵਾ ਜਰਗ ਚੌਕ ਵਿਖੇ ਧਰਨਾ ਲਗਾ ਕੇ ਚੱਕਾ ਜਾਮ ਕਰਦਿਆਂ ਜਿਥੇ ਪੁਲਸ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਟਾਇਰਾਂ ਨੂੰ ਅੱਗ ਲਗਾਈ ਉਥੇ ਸਥਿਤੀ ਉਸ ਸਮੇਂ ਹੋਰ ਵੀ ਗੰਭੀਰ ਬਣਦੀ ਦਿਖਾਈ ਦਿੱਤੀ ਜਦੋਂ ਭੜਕੇ ਲੋਕਾਂ ਨੇ ਸਰੋਦ ਚੌਕ, ਬੱਸ ਸਟੈਂਡ ਅਤੇ ਟਰੱਕ ਯੂਨੀਅਨ ਨੇੜੇ ਕਰੀਬ ਅੱਧੀ ਦਰਜਨ ਬੱਸਾਂ ਦੀ ਭੰਨ-ਤੋੜ ਕਰ ਦਿੱਤੀ । ਮਾਹੌਲ ਖਰਾਬ ਹੋਣ ਦੇ ਡਰੋਂ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਆਪਣੇ ਘਰਾਂ ‘ਚ ਜਾ ਵੜੇ, ਜਿਸ ਕਾਰਨ ਦੁਪਹਿਰ ਤੋਂ ਬਾਅਦ ਸ਼ਹਿਰ ਅੰਦਰ ਕਰਫਿਊ ਵਰਗੀ ਸਥਿਤੀ ਬਣੀ ਰਹੀ।
ਡਿਪਟੀ ਕਮਿਸ਼ਨਰ ਸੰਗਰੂਰ ਮੈਡਮ ਇੰਦੂ ਮਲਹੋਤਰਾ ਜਦੋਂ ਇਥੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਭੜਕੇ ਹੋਏ ਕਈ ਲੋਕਾਂ ਨੇ ਡੀ. ਸੀ. ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਸਥਿਤੀ ਵਿਗੜਦੀ ਦੇਖ ਪੁਲਸ ਨੂੰ ਮਜਬੂਰੀਵਸ ਲਾਠੀਚਾਰਜ ਕਰ ਕੇ ਭੜਕੇ ਉਕਤ ਲੋਕਾਂ ਨੂੰ ਖਿੰਡਾਉਣਾ ਪਿਆ।