ਜੰਮੂ, 9 ਮਾਰਚ : ਥਾਣਾ ਸਤਵਾਰੀ ਅਧੀਨ ਪੈਂਦੇ ਭੌਰ ਕੈਂਪ ਵਿੱਚ ਅੱਜ ਉਸ ਵੇਲੇ ਤਨਾਅ ਪੈਦਾ ਹੋ ਗਿਆ ਜਦੋਂ ਪੁਲੀਸ ਨੇ 20 ਸਾਲਾਂ ਤੋਂ ਲੱਗੇ ਨਿਸ਼ਾਨ ਸਾਹਿਬ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਸਿੱਖ ਭਾਈਚਾਰੇ ਵਿੱਚ ਰੋਸ ਪੈਦਾ ਹੋ ਗਿਆ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਭੌਰ ਕੈਂਪ (ਵਾਰਡ ਨੰਬਰ 2) ਦੇ ਖੇਡ ਮੈਦਾਨ ਨਾਲ ਲੱਗਦੇ ਖਾਲੀ ਸਥਾਨ ਵਿੱਚ ਇਕੱਠੇ ਹੋ ਗਏ ਅਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਸਾਰਾ ਦਿਨ ਚੱਲਿਆ ਇਹ ਹੰਗਾਮਾ ਸ਼ਾਮ ਵੇਲੇ ਸਿਆਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਸਮਾਪਤ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਭੌਰ ਕੈਂਪ ਦੇ ਖੇਡ ਮੈਦਾਨ ਨਾਲ ਲੱਗਦੇ ਖਾਲੀ ਪਏ ਸਥਾਨ ’ਤੇ ਲਗਭਗ 20 ਸਾਲਾਂ ਤੋਂ ਨਿਸ਼ਾਨ ਸਾਹਿਬ ਲਾ ਕੇ ਗੁਰਦੁਆਰੇ ਲਈ ਜਗ੍ਹਾ ਮੁਕੱਰਰ ਕੀਤੀ ਗਈ ਸੀ ਅਤੇ ਅੱਜ ਜਦੋਂ ਇਸ ਸਥਾਨ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਥਾਣਾ ਸਤਵਾਰੀ ਪੁਲੀਸ ਦੇ ਮੁਲਾਜ਼ਮਾਂ ਨੇ ਉੱਥੇ ਲੱਗੇ ਨਿਸ਼ਾਨ ਸਾਹਿਬ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਨੌਜਵਾਨਾਂ ਦੇ ਵਿਰੋਧ ਤੋਂ ਬਾਅਦ ਪੁਲੀਸ ਘਟਨਾ ਸਥਾਨ ਤੋਂ ਚਲੀ ਗਈ ਪਰ ਕੁਝ ਹੀ ਦੇਰ ਬਾਅਦ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਘਟਨਾ ਸਥਾਨ ’ਤੇ ਪਹੁੰਚ ਗਏ। ਇਸ ਦੀ ਸੂਚਨਾ ਮਿਲਦੇ ਹੀ ਇਲਾਕੇ ਦੀ ਸੰਗਤ ਵੀ ਗੁਰਦੁਆਰੇ ਲਈ ਮੁਕੱਰਰ ਕੀਤੇ ਗਏ ਸਥਾਨ ’ਤੇ ਇਕੱਤਰ ਹੋਣੀ ਸ਼ੁਰੂ ਹੋ ਗਈ ਅਤੇ ਤੰਬੂ ਲਾ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸੰਗਤ ਨੇ ਜਬਰੀ ਨਿਸ਼ਾਨ ਸਾਹਿਬ ਉਤਾਰਨ ਵਾਲੇ ਪੁਲੀਸ ਕਰਮੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਪੁਲੀਸ ਮੁਲਾਜ਼ਮ ਸਰਕਾਰੀ ਜ਼ਮੀਨ ਦਾ ਹਵਾਲਾ ਦੇ ਕੇ ਪਲਾਟ ਖਾਲੀ ਕਰਨ ਲਈ ਅੜੇ ਹੋਏ ਸਨ।
ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਆਗੂ ਅਮਰੀਕ ਸਿੰਘ ਰੀਨ, ਕਾਂਗਰਸੀ ਮੰਤਰੀ ਰਮਲ ਭੱਲਾ ਦੀ ਪਤਨੀ, ਸੋਸ਼ਲ ਡੈਮੋਕਰੇਟਿਕ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੁਰਸਾਗਰ ਸਿੰਘ ‘ਈਸ਼ਰ’ ਵੀ ਪਹੁੰਚ ਗਏ। ਉਨ੍ਹਾਂ ਨੇ ਪਲਾਟ ਵਿੱਚ ਮੌਜੂਦ ਸੰਗਤ ਅਤੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਅਖ਼ੀਰ ਸ਼ਾਮ ਵੇਲੇ ਸੰਗਤ ਨੇ ਪੁਲੀਸ ਅਧਿਕਾਰੀਆਂ ਐਸ.ਪੀ. ਜੁਗਲ ਮਨਿਹਾਸ, ਡੀ.ਐਸ.ਪੀ. ਹਰਜੀਤ ਸਿੰਘ ਅਤੇ ਸਿਆਸੀ ਆਗੂਆਂ ਵੱਲੋਂ ਗੁਰਦੁਆਰੇ ਲਈ ਮੁਕੱਰਰ ਸਥਾਨ ’ਤੇ ਗੁਰਦੁਆਰਾ ਹੀ ਬਣਾਏ ਜਾਣ ਦਾ ਭਰੋਸਾ ਦਿੱਤਾ। ਇਸ ਮਗਰੋਂ ਸੰਗਤ ਨੇ ਤੰਬੂ ਉਤਾਰ ਲਿਆ।
ਬਜ਼ੁਰਗ ਤੀਰਥ ਸਿੰਘ ਨੇ ਦੱਸਿਆ ਕਿ 1947 ਦੀ ਵੰਡ ਤੋਂ ਬਾਅਦ ਭੌਰ ਇਲਾਕੇ ਵਿੱਚ ਰਫਿਊਜੀਆਂ ਦੇ ਕੈਂਪ ਲੱਗੇ ਸਨ ਅਤੇ ਇਸ ਸਥਾਨ ਦਾ ਨਾਮ ਭੌਰ ਕੈਂਪ ਪੈ ਗਿਆ ਸੀ। ਉਸ ਸਮੇਂ ਤੋਂ ਹੀ ਇਲਾਕੇ ਦੀ ਸਾਰੀ ਜ਼ਮੀਨ ਰਫਿਊਜੀਆਂ ਦੇ ਅਧੀਨ ਚੱਲੀ ਆ ਰਹੀ ਹੈ ਅਤੇ ਗੁਰਦੁਆਰੇ ਲਈ ਰੱਖੀ ਜ਼ਮੀਨ ਵੀ ਇਸੇ ਜ਼ਮੀਨ ਦਾ ਇੱਕ ਹਿੱਸਾ ਹੈ ਪਰ ਹੁਣ ਸਰਕਾਰ ਇਸ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੀ ਹੈ।