* ਦੋਵਾਂ ਸਿੱਖ ਕੈਦੀਆਂ ਨੇ ਪਰਿਵਾਰ ਸਮੇਤ ਗੁਰਦੁਆਰੇ ਮੱਥਾ ਟੇਕਿਆ
* ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਸਰਕਾਰ ਤੇ ਅਕਾਲ ਤਖ਼ਤ ਨੂੰ ਅਪੀਲ
ਰਾਜਪੁਰਾ/ਮੁਹਾਲੀ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ’ਚ 18 ਸਾਲ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ’ਚ ਬੰਦ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਕੰਵਰਪੁਰ ਆਪਣੀ 28 ਦਿਨਾਂ ਦੀ ਪੈਰੋਲ ’ਤੇ ਹੋਈ ਰਿਹਾਈ ਦੀ ਮਿਆਦ ਪੁੱਗਣ ਮਗਰੋਂ ਅੱਜ ਮੁੜ ਬੁੜੈਲ ਜੇਲ੍ਹ ਚਲਾ ਗਿਆ। ਉਸ ਦੀ 27 ਦਸੰਬਰ 2013 ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ ਕੀਤੀ ਗਈ ਭੁੱਖ ਹੜਤਾਲ ਦੌਰਾਨ ਲੰਘੇ ਮਹੀਨੇ ਪੈਰੋਲ ’ਤੇ ਰਿਹਾਈ ਹੋਈ ਸੀ। ਪ੍ਰੰਤੂ ਸ਼ਮਸ਼ੇਰ ਸਿੰਘ ਸ਼ੇਰਾ ਤੇ ਉਸ ਦਾ ਪਰਿਵਾਰ ਪੈਰੋਲ ’ਤੇ ਰਿਹਾਈ ਤੇ ਮੁੜ ਜੇਲ੍ਹ ਜਾਣ ਵਾਲੀ ਸਰਕਾਰੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਸਗੋਂ ਉਹ ਆਪਣੀ ਤੇ ਵੱਖ-ਵੱਖ ਕੇਸਾਂ ’ਚ ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਤੋਂ ਰਿਹਾਈ ਦੀ ਉਮੀਦ ਲਗਾਈ ਬੈਠੇ ਹੋਰਨਾਂ ਸਿੱਖ ਨਜ਼ਰਬੰਦਾਂ ਦੀ ਪੱਕੀ ਰਿਹਾਈ ਮੰਗ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 28 ਦਿਨਾਂ ਦੀ ਪੈਰੋਲ ’ਤੇ ਰਿਹਾਈ ਵਾਲੀ ਪ੍ਰਕਿਰਿਆ ਸੰਤੁਸ਼ਟੀਜਨਕ ਨਹੀਂ।
ਜਾਣਕਾਰੀ ਮੁਤਾਬਕ ਥਾਣਾ ਸਦਰ ਰਾਜਪੁਰਾ ਦੇ ਪਿੰਡ ਕੰਵਰਪੁਰ ਵਾਸੀ ਸ਼ਮਸ਼ੇਰ ਸਿੰਘ ਸ਼ੇਰਾ ਜਿਸ ਨੂੰ 27 ਦਸੰਬਰ 2013 ਨੂੰ ਬੁੜੈਲ ਜੇਲ੍ਹ ਤੋਂ ਲਖਵਿੰਦਰ ਸਿੰਘ ਲੱਖਾ ਨਾਲ 28 ਦਿਨਾਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ ਅੱਜ ਉਸ ਦੀ ਪੈਰੋਲ ਦੀ ਮਿਆਦ ਪੁੱਗਣ ਉਪਰੰਤ ਦੁਪਹਿਰੇ ਉਹ ਮੁੜ ਬੁੜੈਲ ਜੇਲ੍ਹ ਚਲਾ ਗਿਆ। ਉਸ ਦੇ ਮੁੜ ਜੇਲ੍ਹ ਲਈ ਰਵਾਨਾ ਹੋਣ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਦੇ ਘਰ ਪਿੰਡ ਕੰਵਰਪੁਰ (ਡੇਰਾ) (ਉਕਸੀ ਜੱਟਾਂ) ਉਸ ਦੀ ਪਤਨੀ ਬਲਜਿੰਦਰ ਕੌਰ,ਲੜਕਾ ਓਂਕਾਰ ਸਿੰਘ, ਭਰਾ ਭਗਵੰਤ ਸਿੰਘ,ਲੜਕੀਆਂ ਅਮਨਦੀਪ ਕੌਰ, ਸਰਬਜੀਤ ਕੌਰ, ਜਵਾਈ ਭਾਣਜੇ ਗੁਰਵਿੰਦਰ ਸਿੰਘ ਤੇ ਕੰਵਲ ਸਿੰਘ ਸਣੇ ਵੱਡੀ ਗਿਣਤੀ ’ਚ ਰਿਸ਼ਤੇਦਾਰ ਪੁੱਜੇ ਹੋਏ ਸਨ। ਇਨ੍ਹਾਂ ਨੇ ਸ਼ੇਰਾ ਨਾਲ ਗੱਲਾਂ ਸਾਂਝੀਆਂ ਕੀਤੀਆਂ। ਸ਼ੇਰਾ ਦੇ ਪਰਿਵਾਰ ਵਿੱਚ ਐਤਵਾਰ ਨੂੰ ਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦਾ ਵਿਆਹ ਹੈ ਪਰ ਪੈਰੋਲ ਦੀ ਮਿਆਦ ਪੁੱਗਣ ਕਾਰਨ ਸ਼ੇਰਾ ਇਸ ਵਿਆਹ ਦੀਆਂ ਖੁਸ਼ੀਆਂ ’ਚ ਸ਼ਾਮਲ ਨਹੀਂ ਹੋ ਸਕਿਆ। ਸ਼ੇਰਾ ਦੇ ਮੁੜ ਜੇਲ੍ਹ ਜਾਣ ਕਾਰਨ ਸਮੁੱਚੇ ਰਿਸ਼ਤੇਦਾਰ ਮਾਯੂਸ ਨਜ਼ਰ ਆ ਰਹੇ ਸਨ ਪਰ ਸ਼ੇਰਾ ਦੀ ਮੁੜ ਪੱਕੀ ਰਿਹਾਈ ਦੀ ਉਮੀਦ ਜ਼ਾਹਰ ਕਰ ਰਹੇ ਸਨ। ਸ਼ਮਸ਼ੇਰ ਸਿੰਘ ਸ਼ੇਰਾ ਤੇ ਉਸ ਦੇ ਪਰਿਵਾਰਕ ਮੈਂਬਰ ਲੰਘੇ ਸਾਲ 14 ਨਵੰਬਰ ਤੋਂ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਵਾਰ-ਵਾਰ ਧੰਨਵਾਦ ਕਰ ਰਹੇ ਸਨ। ਦੁਪਹਿਰ ਬਾਅਦ ਸ਼ਮਸ਼ੇਰ ਸਿੰਘ ਸ਼ੇਰਾ ਆਪਣੇ ਭਰਾ ਭਗਵੰਤ ਸਿੰਘ, ਬੇਟਾ ਓਂਕਾਰ ਸਿੰਘ, ਭਾਣਜਿਆਂ ਗੁਰਿੰਦਰ ਸਿੰਘ, ਕੰਵਲ ਸਿੰਘ ਵਾਸੀ ਪਿੰਡ ਢਕੋਂਰਾ ਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਤਿੰਨ ਗੱਡੀਆਂ ’ਚ ਸਵਾਰ ਹੋ ਕੇ ਬੁੜੈਲ ਜੇਲ੍ਹ ਲਈ ਰਵਾਨਾ ਹੋਇਆ। ਦੇਰ ਸ਼ਾਮ ਉਹ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਜੇਲ੍ਹ ਛੱਡ ਆਏ ਹਨ।
ਮੁਹਾਲੀ: ਮਰਹੂਮ ਬੇਅੰਤ ਸਿੰਘ ਦੇ ਹੱਤਿਆ ਕਾਂਡ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਦਾ ਸਾਹਮਣੇ ਕਰ ਰਹੇ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੈਰੋਲ ਦੀ ਮੋਹਲਤ ਖਤਮ ਹੋਣ ’ਤੇ ਅੱਜ ਸ਼ਾਮੀ ਮੁੜ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਹੋ ਗਏ। ਕੈਦੀ ਗੁਰਮੀਤ ਸਿੰਘ ਦੋ ਦਿਨ ਪਹਿਲਾਂ ਜੇਲ੍ਹ ਪਹੁੰਚ ਚੁੱਕਾ ਹੈ।
ਇਸ ਤੋਂ ਪਹਿਲਾਂ ਦੋਵਾਂ ਸਿੱਖ ਕੈਦੀਆਂ ਨੇ ਸ਼ਾਮੀ ਕਰੀਬ 4 ਵਜੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿੱਚ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਸੰਘਰਸ਼ ਦੇ ਅੱਗੇ ਝੁਕਦਿਆਂ ਬੀਤੀ 27 ਦਸੰਬਰ 2013 ਨੂੰ ਉਨ੍ਹਾਂ ਨੂੰ 28 ਦਿਨਾਂ ਦੀ ਆਰਜ਼ੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ। ਉਹ ਪਿਛਲੇ 18 ਸਾਲਾਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਹਨ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਕੈਦੀ ਲਖਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ, ਭੈਣ ਸੁਖਵਿੰਦਰ ਕੌਰ ਤੇ ਪਰਮਜੀਤ ਕੌਰ, ਭਰਾ ਹਰਦੇਵ ਸਿੰਘ ਅਤੇ ਜੀਜਾ ਜੰਗ ਸਿੰਘ ਅਤੇ ਕੈਦੀ ਸ਼ਮਸ਼ੇਰ ਸਿੰਘ ਦਾ ਪਰਿਵਾਰ ਹਾਜ਼ਰ ਸੀ। ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਗਿੱਲ ਵੱਲੋਂ ਦੋਵੇਂ ਸਿੱਖ ਕੈਦੀਆਂ ਨੂੰ ਸਿਰੋਪਾਓ ਭੇਟ ਕੀਤੇ ਗਏ।
ਇਸ ਮੌਕੇ ਲਖਵਿੰਦਰ ਸਿੰਘ ਉਰਫ਼ ਲੱਖਾ ਨੇ ਪੰਜਾਬ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਸਜ਼ਾਵਾਂ ਕੱਟ ਚੁੱਕੇ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਦੀ ਪੱਕੀ ਰਿਹਾਈ ਲਈ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।