ਨਵੀਂ ਦਿੱਲੀ, 2 ਨਵੰਬਰ :ਨਵੰਬਰ 1984 ਦੇ 29 ਸਾਲ ਬੀਤਣ ’ਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪਟਿਆਲਾ ਤੋਂ ਆਈ ਟੀਮ ਵੱਲੋਂ ਇਸ ਦੁਖਾਂਤ ਬਾਰੇ ਨਾਟਕ ਖੇਡਿਆ ਗਿਆ ਤੇ ਮੋਮਬੱਤੀ ਮਾਰਚ ਕੱਢਿਆ ਗਿਆ।
ਨਵੰਬਰ 1984 ਦੀ ਦੰਗਾ ਪੀੜ੍ਹਤ ਨਿਰਪ੍ਰੀਤ ਕੌਰ ਨਾਲ ਮਿਲ ਕੇ ਪੱਤਰਕਾਰ ਜਰਨੈਲ ਸਿੰਘ ਵੱਲੋਂ ਇਹ ਪ੍ਰਬੰਧ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਂਗਰਸੀ ਆਗੂ ਕਮਲ ਨਾਥ ਵਿਰੁੱਧ ਮਾਮਲਾ ਉਠਾਏ ਤੇ ਕਮਲ ਨਾਥ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਾਂਗਰਸ ਵਿਚੋਂ ਕਢਵਾਉਣ ਲਈ ਆਪਣੇ ‘ਅਸਰ-ਰਸੂਖ’ ਦੀ ਵਰਤੋਂ ਕਰਨ।
ਜਰਨੈਲ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀ ਦਾਦੀ ਨੂੰ ਯਾਦ ਕਰਨ ਦੇ ਨਾਲ ਹੀ ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਵੀ ਯਾਦ ਕਰਨ ਜਿਨ੍ਹਾਂ ਨੂੰ ਮਾਰਿਆ ਗਿਆ ਸੀ।
ਐਚ.ਐਸ. ਫੂਲਕਾ ਨੇ ਮੰਗ ਕੀਤੀ ਕਿ ਨਾਂਗਲੋਈ ਦਾ ਮਾਮਲਾ ਵੀ ਮੁੜ ਉਠਾਇਆ ਜਾਵੇ। ਪ੍ਰਦਰਸ਼ਨਾਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ ਹੋਈਆਂ।