ਚੰਡੀਗੜ੍ਹ (12 ਅਪ੍ਰੈਲ) -ਪੰਜਾਬੀ ਫਿਲਮਾਂ ਅਤੇ ਵਿਦੇਸ਼ਾਂ ਵਿਚ ਹੋ ਰਹੇ ਲਾਈਵ ਸ਼ੋਅਜ਼ ਦੀ ਕਰੋੜਾਂ ਦੀ ਪੇਮੈਂਟ ਟਰਾਂਜ਼ੈਕਸ਼ਨ ਹਵਾਲਾ ਦੇ ਜ਼ਰੀਏ ਹੋਣ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਪੂਰੀ ਤਰ੍ਹਾਂ ਚੌਕਸ ਹੈ। ਪੰਜਾਬੀ ਫਿਲਮਾਂ ਦੇ ਡਾਇਰੈਕਟਰ, ਐਕਟਰ ਅਤੇ ਕਈ ਪ੍ਰੋਡਕਸ਼ਨ ਕੰਪਨੀਆਂ ਨੂੰ ਪੁਆਇੰਟ ਆਊਟ ਕਰ ਕੇ ਈ. ਡੀ. ਨੇ ਜਾਂਚ ਤੇਜ਼ੀ ਨਾਲ ਸ਼ੁਰੂ ਕੀਤੀ ਹੈ। ਬੀਤੇ ਦਿਨ ਪੰਜਾਬੀ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਹੀਰੋਜ਼ ਨੂੰ ਭੇਜੇ ਗਏ ਸੰਮਨ ਤੋਂ ਬਾਅਦ ਅੱਜ ਪੰਜਾਬੀ ਐਕਟਰ ਦਿਲਜੀਤ ਦੋਸਾਂਝ ਈ. ਡੀ. ਅਫਸਰਾਂ ਸਾਹਮਣੇ ਪੇਸ਼ ਹੋਏ। ਕਰੀਬ ਦੋ ਘੰਟਿਆਂ ਤੱਕ ਉਹ ਈ. ਡੀ. ਦਫਤਰ ਵਿਚ ਰਹੇ। ਪਤਾ ਲੱਗਾ ਹੈ ਕਿ ਈ. ਡੀ. ਅਫਸਰਾਂ ਨੇ ਦਿਲਜੀਤ ਦੋਸਾਂਝ ਤੋਂ ਟਰਾਂਜ਼ੈਕਸ਼ਨ ਸੰਬੰਧੀ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਇਨਕਮ ਟੈਕਸ ਵਿਭਾਗ ਵਲੋਂ ਕੀਤੇ ਗਏ ਸਰਵੇ ਤੋਂ ਬਾਅਦ ਕਰੋੜਾਂ ਦੀ ਹਵਾਲਾ ਟਰਾਂਜ਼ੈਕਸ਼ਨ ਦੀ ਪੁਸ਼ਟੀ ਹੋਣ ‘ਤੇ ਈ. ਡੀ. ਅਫਸਰਾਂ ਨੇ ਇਸ ਮਾਮਲੇ ਵਿਚ ਜਾਂਚ ਸੰਬੰਧੀ ਲਿਖਿਆ। ਈ. ਡੀ. ਅਫਸਰਾਂ ਨੇ ਜਾਂਚ ਦੌਰਾਨ 10 ਮਾਰਚ ਨੂੰ ਪੰਜਾਬੀ ਗਾਇਕਾ ਮਿਸ ਪੂਜਾ, ਜੈਜ਼ੀ ਬੀ, ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਨੂੰ ਸੰਮਨ ਭੇਜ ਕੇ 15 ਦਿਨਾਂ ਵਿਚ ਪੇਸ਼ ਹੋਣ ਲਈ ਕਿਹਾ ਪਰ ਕਰੀਬ ਇਕ ਮਹੀਨੇ ਬਾਅਦ ਅੱਜ ਦਿਲਜੀਤ ਦੋਸਾਂਝ ਈ. ਡੀ. ਅਫਸਰਾਂ ਦੇ ਸਾਹਮਣੇ ਪੇਸ਼ ਹੋਏ। ਸੂਤਰਾਂ ਮੁਤਾਬਕ ਈ. ਡੀ. ਅਫਸਰਾਂ ਨੇ ਮੁੱਢਲੀ ਜਾਂਚ ਦੌਰਾਨ ਦਿਲਜੀਤ ਦੋਸਾਂਝ ਤੋਂ ਰੁਪਈਆਂ ਦੀ ਟਰਾਂਜ਼ੈਕਸ਼ਨ ਸੰਬੰਧੀ ਪੁੱਛਗਿੱਛ ਕੀਤੀ।
ਉਨ੍ਹਾਂ ਦੀ ਰਿਟਰਨ ਸਟੇਟਮੈਂਟ ਹੋਈ ਜਾਂ ਨਹੀਂ, ਫਿਲਹਾਲ ਇਸ ਬਾਰੇ ਈ. ਡੀ. ਅਫਸਰ ਪੁਸ਼ਟੀ ਨਹੀਂ ਕਰ ਰਹੇ ਪਰ ਵਿਭਾਗੀ ਸੂਤਰ ਦੱਸਦੇ ਹਨ ਕਿ ਦਿਲਜੀਤ ਦੋਸਾਂਝ ਤੋਂ ਹੋਈ ਸ਼ੁਰੂਆਤੀ ਪੁੱਛਗਿੱਛ ਵਿਚ ਉਨ੍ਹਾਂ ਦੇ ਕਾਰੋਬਾਰ ਨਾਲ ਜੁੜੇ ਕਈ ਐਸੋਸੀਏਟਸ ਦੇ ਨਾਂ ਵੀ ਈ. ਡੀ. ਲਿਸਟ ਵਿਚ ਹਨ, ਜਿਨ੍ਹਾਂ ਨੂੰ ਕਿਸੇ ਵੀ ਸਮੇਂ ਪੁੱਛਗਿੱਛ ਲਈ ਤਲਬ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਦਿਲਜੀਤ ਦੋਸਾਂਝ ਤੋਂ ਉਨ੍ਹਾਂ ਦੀ ਇਨਕਮ ਅਤੇ ਪ੍ਰਾਪਰਟੀ ਸੰਬੰਧੀ ਵੀ ਜਾਣਕਾਰੀ ਲਈ ਗਈ ਹੈ। ਉਧਰ, ਈ. ਡੀ. ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਲੰਧਰ ਵਿਚ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ, ਪੰਜਾਬੀ ਗਾਇਕਾਂ ਦੀ ਕੈਸੇਟ ਕੰਪਨੀ ਦੇ ਐਸੋਸੀਏਟ ਦੇ ਨਾਂ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਪਿਛਲੇ ਕੁਝ ਸਾਲਾਂ ਤੋਂ ਕਰੋੜਾਂ ਰੁਪਏ ਦੀ ਟਰਾਂਜ਼ੈਕਸ਼ਨ ਹਵਾਲੇ ਜ਼ਰੀਏ ਕੀਤੀ ਅਤੇ ਪ੍ਰਾਪਰਟੀ ਬਣਾਈ। ਪਤਾ ਲੱਗਾ ਹੈ ਕਿ ਵਿਦੇਸ਼ਾਂ ਵਿਚ ਹੋਣ ਵਾਲੇ ਲਾਈਵ ਸ਼ੋਅਜ਼ ਦੀ ਪੇਮੈਂਟ ਵੀ ਹਵਾਲਾ ਜ਼ਰੀਏ ਹੀ ਹੋਈ ਹੈ। ਈ. ਡੀ. ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਇਸ ਧੰਦੇ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ