ਕਾਰ ਸਮੇਤ ਨਹਿਰ ਚ ਡੁੱਬ ਕੇ ਇੱਕੋ ਪਰਵਾਰ ਦੇ ਚਾਰ ਜੀਆਂ ਦੀ ਮੌਤ

Must Read

ਮਲੋਟ (ਮਿੰਟੂ ਗੁਰੂਸਰੀਆ):  ਕਈ ਹਾਦਸੇ, ਹਾਦਸੇ ਨਾ ਹੋ ਕੇ ਕਹਿਰ ਹੋ ਨਿਭੜਦੇ ਹਨ, ਜਿੰਨਾਂ ਦੀਆਂ ਚੀਸਾਂ ਸੱਤ ਪਰਾਇਆਂ ਨੂੰ ਵੀ ਝਿੰਜੋੜ ਸੁੱਟਦੀਆਂ ਹਨ। ਇਹੋ ਜਿਹੇ ਕਹਿਰਵਾਨ ਹਾਦਸੇ ਨਾਲ ਤ੍ਰਸਦ ਹੋਇਆ ਦੋਦਾ ਇਲਾਕਾ, ਜਿੱਥੇ ਕੱਲ ਇਕ ਕਾਰ ਨਹਿਰ ‘ਚ ਡਿੱਗ ਪਈ। ਕਾਰ ਹੀ ਨਹਿਰ ‘ਚ ਨਹੀਂ ਡਿੱਗੀ, ਨਾਲ ਹੀ ਡਿੱਗ ਪਿਆ ਇਕ ਘਰ ਦੇ ਹਾਸਿਆਂ ਦਾ ਜਖ਼ੀਰਾਂ, ਜੋ ਹੁਣ ਮੁੜ ਕਦੇ ਲੱਭਣਾਂ ਈ ਨਹੀਂ।

ਆਪਣੇ ਬੱਚੇ ਦੇ ਕੱਲ ਨੂੰ ਸੁਨਿਹਰੀ ਬਨਾਉਂਣ ਦੀ ਚਾਹਤ ‘ਚ ਪਿੰਡ ਕਾਉਂਣੀ ਦਾ ਰਹਿਣਾ ਵਾਲਾ ਗੁਰਭੇਜ ਸਿੰਘ ਆਪਣੀ ਮਾਂ ਅਤੇ ਪਤਨੀ ਨੂੰ ਨਾਲ ਲੈ ਕੇ ਕਾਰ ਰਾਹੀਂ ਆਪਣੇ ਇਕਲੌਤੇ ਪੁੱਤਰ ਦੀ ਫੀਸ ਭਰਨ ਲਈ ਘਰੋਂ ਨਿਕਲਿਆ ਸੀ, ਪਰ ਉਹ ਨਹੀਂ ਜਾਣਦਾ ਸੀ ਕਿ ਰਾਹ ਚ ਖੜੀ ਮੌਤ ਉਸ ਦੇ ਪਰਵਾਰ ਦੀਆਂ ਤਬਾਹੀਆਂ ਦੀ ਇਬਾਰਤ ਲਿਖ ਕੇ, ਅਤੀਤ, ਅੱਜ ਤੇ ਭਵਿੱਖ ਨੂੰ ਸਿਰਫ ਅਤੀਤ ‘ਚ ਤਬਦੀਲ ਕਰ ਕੇ ਰੱਖ ਦੇਵੇਗੀ। ਗੁਰਭੇਜ ਸਿੰਘ (27), ਉਸ ਦੀ ਪਤਨੀ ਗਗਨਦੀਪ ਕੌਰ (26), ਉਸ ਦੀ ਮਾਤਾ ਗੁਰਬਿੰਦਰ ਕੌਰ (50) ਅਤੇ ਗੁਰਭੇਜ ਸਿੰਘ ਦੇ ਇਕਲੌਤੇ ਪੁੱਤਰ ਤੇ ਖ਼ਾਨਦਾਨ ਦੀ ਰੂਹੇ ਰਵਾਂ ਨਵਰਾਜ ਸਿੰਘ (3) ਜੈੱਨ ਕਾਰ ਰਾਹੀਂ ਮਾਸੂਮ ਨਵਰਾਜ ਦੀ ਫੀਸ ਭਰਨ ਲਈ ਮੁਕਤਸਰ ਨੂੰ ਚੱਲੇ ਸੀ, ਪਰ ਉਹ ਨਹੀਂ ਜਾਣਦੇ ਸੀ, ਕਿ ਚੰਦ ਮਿੰਟਾਂ ਦਾ ਇਹ ਸਫ਼ਰ, ਉਨਾਂ ਦੀ ਜਿੰਦਗੀ ਦਾ ਆਖ਼ਰੀ ਪੜਾਅ ਬਣ ਕੇ ਰਹਿ ਜਾਵੇਗਾ। ਆਪਣੇ ਪਿੰਡ ਕਾਉਂਣੀ ਤੋਂ ਜਦੋਂ ਇਹ ਪਰਵਾਰ ਗਵਾਂਢੀ ਪਿੰਡ ਭੁੱਲਰ ਕੋਲੋਂ ਲੰਘਦੀਆਂ ਬੰਦੇ ਖਾਣੀਆਂ ਨਹਿਰਾਂ (ਰਾਜਸਥਾਨ ਫੀਡਰ ਤੇ ਸਰਹੰਦ ਨਹਿਰ) ਤੇ ਪੁੱਜਾ ਤਾਂ ਮੌਤ ਦੇ ਮਾਇਆਜਾਲ ਉਲਝ ਕੇ, ਇਹ ਟੱਬਰ ਕਾਰ ਸਮੇਤ ਨਹਿਰ ਰੂਪੀ ਮੌਤ ਦੇ ਮੂੰਹ ‘ਚ ਜਾ ਸਮਾਇਆ। ਇਸ ਦੌਰਾਨ ਕਾਰ ਸੜਕ ‘ਤੇ ਬਣੇ ਖੱਡੇ ‘ਚ ਵੱਜਣ ਪਿੱਛੋਂ ਬੇਕਾਬੂ ਹੋ ਕੇ ਨਹਿਰ ‘ਚ ਉਤਰ ਗਈ।

ਰਾਹਗ਼ੀਰਾਂ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਜਿੰਦਗੀ ਨੂੰ ਬਚਾਉਂਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ, ਪਰ ਦੋਂ ਤੱਕ ਮੌਤ ਜ਼ਾਲਮ ਤਾਂਡਵ ਕਰ ਗਈ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਬਾਰੇ ਪਤਾ ਕੀਤਾ ਗਿਆ ਤਾਂ ਤਬਾਹੀ ਦੀ ਦਾਸਤਾਂ ਸੁਣ ਕੇ ਸਰਦ ਰੁੱਤ ‘ਚ ਵੀ ਮਾਨਵੀ ਜਿਸਮਾਂ ਨੂੰ ਪਸੀਨੇ ਆ ਗਏ। ਮਰਨ ਵਾਲੇ ਇਕੋ ਪਰਵਾਰ ਦੇ ਜੀਅ ਸਨ। ਇਕੋ ਪਰਵਾਰ ਦੀਆਂ ਦੋ ਮਾਵਾਂ ਅਤੇ ਦੋ ਮਾਵਾਂ ਦੇ ਲਾਲ (ਮਾਂ, ਪੁੱਤ, ਪੋਤਰਾ ਅਤੇ ਨੁੰਹ) ਮੌਤ ਦੀ ਗੋਦ ‘ਚ ਸਮਾ ਗਏ। ਅੱਜ ਜਦੋਂ ਅਭਾਗੀ ਕਾਰ ਨੂੰ ਨਹਿਰ ਚੋਂ ਕੱਢਿਆ ਗਿਆ ਤਾਂ ਕਾਰ ‘ਚ ਚਾਰੇ ਮੁਰਦਾ ਸ਼ਰੀਰਾਂ ਨੂੰ ਦੇਖ ਲੱਗਦਾ ਸੀ ਕਿ ਨਹਿਰ ਦਾ ਪਾਣੀ ਵੀ ਖੁਦ ਨੂੰ ਕੋਸ ਰਿਹਾ ਹੋਣੈ, ਜਿਸ ਨੇ ਚਾਰ ਜਾਨਾਂ ਦੇ ਸਾਹਾਂ ਨੂੰ ਪੀ ਲਿਆ।

ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ਾਂ ਦਾ ਪੋਸਟ ਮਾਰਟ ਕਰਵਾਉਂਣ ਉਪਰੰਤ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਅੱਜ ਸ਼ਾਮੀਂ ਜਦੋਂ ਚਾਰ ਜੀਆਂ ਦੀਆ ਚਿਤਾਵਾਂ ਇਕੱਠੀਆਂ ਸ਼ਮਸ਼ਾਨਘਾਟ 'ਚ ਚਿਣੀਆਂ ਜਾ ਰਹੀਆਂ ਸਨ ਤਾਂ ਹਜ਼ਾਰਾਂ ਅੱਖਾਂ ‘ਚ ਹੰਝੂਆਂ ਦਾ ਸੈਲਾਬ ਆਇਆ ਹੋਇਆ ਸੀ। ਹਜ਼ਾਰਾਂ ਅੱਖਾਂ ਦੀ ਨਮੀਂ, ਇੰਝ ਲੱਗਦਾ ਸੀ ਜਿਵੇਂ ਫ਼ਿਜਾਵਾਂ ਨੂੰ ਏਨਾਂ ਸਿੱਲਿਆਂ ਕਰ ਗਈ ਹੋਵੇ ਜਿਸ ਦੀ ਛੋਹ ਨਾਲ ਹਰ ਰੂਹ ਨੂੰ ਕਾਂਬਾ ਛਿੜ ਰਿਹਾ ਸੀ। ਖੁਸ਼ੀਆਂ ‘ਚ ਘੁੱਗ ਵੱਸਦੇ ਗੁਰਭੇਜ ਸਿੰਘ ਦੀ ਹਸਤੀ ਦੀ ਜੜ ਹੀ ਪੁੱਟੀ ਗਈ। ਉਸ ਦੇ ਪਿਤਾ ਬਲਵੀਰ ਸਿੰਘ ਅਤੇ ਦਾਦੇ ਨੂੰ ਕੁਝ ਮਹੀਨੇ ਪਹਿਲਾਂ ਮੌਤ ਦੇ ਪੰਜੇ ਨੇ ਜਕੜਿਆ ਸੀ। ਕਦੇ ਜੀਆਂ ਨਾਲ ਮਾਲਾਮਾਲ ਇਹ ਘਰ ਅੱਜ ਜੀਆਂ ਪੱਖੋਂ ਕੰਗ਼ਾਲ ਹੋ ਗਿਆ। ਹੁਣ ਇਸ ਪਰਵਾਰ ‘ਚ ਸਿਰਫ਼ ਗੁਰਭੇਜ ਸਿੰਘ ਦਾ ਭਰਾ ਨਵਤੇਜ ਸਿੰਘ ਬਚਿਆ, ਜਿਸ ਦੀ ਕੁਝ ਦਿਨ ਪਹਿਲਾਂ ਹੀ ਸ਼ਾਦੀ ਹੋਈ ਸੀ।

- Advertisement -
- Advertisement -

Latest News

Fakhr-e-Qaum Title Revoked from Parkash Singh Badal

In a historic and unprecedented move, Sri Akal Takht Sahib, the highest temporal authority of the Sikhs, has revoked...

More Articles Like This

- Advertisement -