ਸਾਕਾ ਸਰਹਿੰਦ ਦਾ ਇੱਕ ਮਹਾਨ ਨਾਇਕ ਦੀਵਾਨ ਟੋਡਰ ਮੱਲ

Must Read

ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੇ ਅੰਤਿਮ ਸੰਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖ਼ਰੀਦੀ। ਇਸ ਅਦੁੱਤੀ ਕਾਰਜ ਨਾਲ ਉਹ ਰਾਤੋ ਰਾਤ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖ਼ਸੀਅਤਾਂ ਵਿੱਚ ਸ਼ਾਮਲ ਹੋ ਗਏ।

ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖ਼ਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਮੰਨਿਆ ਜਾਂਦਾ ਹੈ ਕਿ ਉਹ ਜ਼ਾਤ ਦੇ ਜੈਨ ਸਨ ਤੇ ਗੁਰੂ ਘਰ ਦੇ ਅਤਿਅੰਤ ਸ਼ਰਧਾਲੂ ਸਨ। ਉਹ ਉਸ ਵੇਲੇ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਸਨ।

ਪਟਿਆਲਾ ਸਟੇਟ ਗਜ਼ਟੀਅਰ ਮੁਤਾਬਕ ਉਨ੍ਹਾਂ ਦਾ ਜੱਦੀ ਪਿੰਡ ਕਾਕੜਾ ਸੀ ਜੋ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵਸ ਗਏ ਸਨ। ਉਨ੍ਹਾਂ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਨ੍ਹਾਂ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਮਹਿਲ ਦੇ ਨਜ਼ਦੀਕ ਸੀ।

13 ਦਸੰਬਰ 1704 ਨੂੰ ਵਜ਼ੀਰ ਖ਼ਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਨ੍ਹਾਂ ਦਾ ਵਿਧੀ ਪੂਰਵਕ ਅੰਤਿਮ ਸੰਸਕਾਰ ਕਰ ਸਕਣ।

ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿਮੀਂਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ, ਪਰ ਉਸ ਨੇ ਸ਼ਰਤ ਰੱਖੀ ਕਿ ਜ਼ਮੀਨ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਿਹਾ ਜਾਂਦਾ ਹੈ ਕਿ ਉਸ ਨੇ ਸੋਨੇ ਦੇ ਸਿੱਕੇ ਖੜ੍ਹੇ ਕਰ ਕੇ ਕੀਮਤ ਲਈ ਸੀ। ਉਸ ਵੇਲੇ ਸੋਨੇ ਦੀ ਅਸ਼ਰਫ਼ੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ ਹੁੰਦਾ ਸੀ।

ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ 2-2 ਮੀਟਰ ਅਤੇ ਮਾਤਾ ਜੀ ਲਈ 2-1.5 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਵੇਗੀ। ਇਸ ਲਈ ਕਰੀਬ 7800 ਅਸ਼ਰਫ਼ੀਆਂ (78 ਕਿੱਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ। ਜੇ ਅਸ਼ਰਫ਼ੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫ਼ੀਆਂ (780 ਕਿੱਲੋ ਸੋਨਾ) ਵਿਛਾਉਣੀਆਂ ਪਈਆਂ ਹੋਣੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖ਼ਰੀਦਣ ਵਿੱਚ ਲੱਗ ਗਈ ਤੇ ਘਰ ਬਾਰ ਗਹਿਣੇ ਪੈ ਗਿਆ, ਪਰ ਉਨ੍ਹਾਂ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮਈ 1710 ਵਿੱਚ ਸਰਹਿੰਦ ਫ਼ਤਹਿ ਕੀਤੀ ਤਾਂ ਉਨ੍ਹਾਂ ਨੂੰ ਵੀ ਦੀਵਾਨ ਟੋਡਰ ਮੱਲ ਦੀ ਇਸ ਕੁਰਬਾਨੀ ਬਾਰੇ ਪਤਾ ਸੀ। ਦੀਵਾਨ ਟੋਡਰ ਮੱਲ ਦੇ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ।

ਵਜ਼ੀਰ ਖ਼ਾਨ ਜ਼ਾਲਮ ਤੇ ਬੇਰਹਿਮ ਇਨਸਾਨ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ਼ ਇਸ ਲਈ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਨ੍ਹਾਂ ਦਾ ਅੰਤਿਮ ਸੰਸਕਾਰ ਕਰੇ? ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ ‘ਗੁਨਾਹ’ ਬਾਰੇ ਪਤਾ ਚੱਲਿਆ ਤਾਂ ਉਸ ਦਾ ਕਹਿਰ ਦੀਵਾਨ ’ਤੇ ਟੁੱਟ ਪਿਆ।

ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਕਿਧਰੇ ਜਾਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਜਾਂ ਉਨ੍ਹਾਂ ਦੇ ਆਖ਼ਰੀ ਦਿਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਉਨ੍ਹਾਂ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖ਼ਸ਼ੀ ਗਈ, ਪਰ ਲਾਵਾਰਿਸ ਪਈ ਹਵੇਲੀ ਨਾਜਾਇਜ਼ ਕਬਜ਼ਿਆਂ ਕਾਰਨ ਢਹਿਣ ਲੱਗੀ। ਹੁਣ ਪੰਜਾਬ ਸਰਕਾਰ ਦੀ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਹਾਜ਼ ਹਵੇਲੀ ਦੀ ਮੁਰੰਮਤ ਦਾ ਬੀੜਾ ਚੁੱਕਿਆ ਹੈ।

ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਵਿਖੇ ਦੀਵਾਨ ਟੋਡਰ ਮੱਲ ਦੀਵਾਨ ਹਾਲ ਬਣਿਆ ਹੋਇਆ ਹੈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਵਿਚਕਾਰਲੀ ਸੜਕ ਦਾ ਨਾਮ ਦੀਵਾਨ ਟੋਡਰ ਮੱਲ ਮਾਰਗ ਹੈ। ਜੀ.ਟੀ. ਰੋਡ ਤੋਂ ਸਰਹਿੰਦ ਨੂੰ ਆਉਣ ਵਾਲੀ ਸੜਕ ’ਤੇ ਦੀਵਾਨ ਟੋਡਰ ਮੱਲ ਸਵਾਗਤੀ ਦੁਆਰ ਵੀ ਉਸਾਰਿਆ ਗਿਆ ਹੈ। ਇਤਿਹਾਸਕਾਰਾਂ ਨੂੰ ਦੀਵਾਨ ਟੋਡਰ ਮੱਲ ਦੇ ਵਾਰਸਾਂ ਬਾਰੇ ਖੋਜ ਕਰ ਕੇ ਉਨ੍ਹਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਇਹ ਉਸ ਨੇਕ ਇਨਸਾਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

- Advertisement -

LEAVE A REPLY

Please enter your comment!
Please enter your name here

- Advertisement -

Latest News

Veteran Akali leader Sukhdev Singh Dhindsa dies at 89

Veteran Shiromani Akali Dal (SAD) leader and former Union minister Sukhdev Singh Dhindsa passed away on Wednesday evening at...

More Articles Like This

- Advertisement -