ਅੰਮ੍ਰਿਤਸਰ, 2 ਨਵੰਬਰ : ਇਕ ਪਰਿਵਾਰ ਦੇ 7 ਜੀਆਂ ਨੂੰ ‘ਕਤਲ’ ਕਰਨ ਦੇ ਦੋਸ਼ੀ ਸਿਪਾਹੀ, ਜੋ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ’ਤੇ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਸੀ, ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ।
ਸਿਪਾਹੀ ਬਲਵਿੰਦਰ ਸਿੰਘ ਅਤੇ ਉਸ ਦੇ ਭਰਾ ਡੀ.ਐਸ.ਪੀ. ਬਲਦੇਵ ਸਿੰਘ ਨੂੰ 1991 ਵਿੱਚ ਇਕ ਪਰਿਵਾਰ ਦੇ 7 ਜੀਆਂ ਦਾ ਕਤਲ ਕਰਨ ਦੇ ਦੋਸ਼ ਹੇਠ ਅਦਾਲਤ ਨੇ 35 ਸਾਲਾਂ ਦੀ ਸਜ਼ਾ ਸੁਣਾਈ ਸੀ। ਅੱਜ ਅਦਾਲਤ ਵਿੱਚ ਬਲਵਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਹੈ, ਜਦੋਂ ਕਿ ਬਲਦੇਵ ਸਿੰਘ ਅਜੇ ਵੀ ਪੁਲੀਸ ਗ੍ਰਿਫ਼ਤ ਤੋਂ ਬਾਹਰ ਹੈ। ਇਸ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਸਜ਼ਾ ਸੁਣਾਉਣ ਮਗਰੋਂ ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਅਤੇ ਮਾਮਲੇ ਦੀ ਸੁਣਵਾਈ ਦੌਰਾਨ ਇਨ੍ਹਾਂ ਦੋਵਾਂ ਨੂੰ ਜ਼ਮਾਨਤ ਮਿਲ ਗਈ ਸੀ। ਹੁਣ ਇਹ ਦੋਵੇਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਸਨ ਅਤੇ ਅਦਾਲਤ ਨੇ ਇਨ੍ਹਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਸਨ, ਜਿਸ ਦੇ ਆਧਾਰ ’ਤੇ ਪੁਲੀਸ ਨੇ ਇਨ੍ਹਾਂ ਵਿੱਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ।
ਪੀੜਤ ਧਿਰ ਦੇ ਵਕੀਲ ਅਮਰੀਕ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਨੂੰ ਹਰੇਕ ਜੀਅ ਦੇ ਕਤਲ ਲਈ ਪੰਜ ਸਾਲ ਦੀ ਕੈਦ ਦੀ ਸਜ਼ਾ ਹੋਈ ਸੀ ਅਤੇ ਸੱਤ ਵਿਅਕਤੀਆਂ ਨੂੰ ਕਤਲ ਕਰਨ ਲਈ ਕੁੱਲ 35 ਸਾਲ ਸਜ਼ਾ ਸੁਣਾਈ ਗਈ ਸੀ।