60 ਘੰਟਿਆਂ ਬਾਅਦ ਵੀ ਬੱਚੀ ਦੀ ਲਾਸ਼ ਸੜਕ ‘ਤੇ, ਬੱਚੀ ਦੀ ਮੌਤ ’ਤੇ ਪਰਦੇ ਪਾਉਣ ਦੀ ਕੋਸ਼ਿਸ਼ ’ਚ ਜੁੱਟੀ ਬਾਦਲ ਸਰਕਾਰ

Must Read

ਬਠਿੰਡਾ – ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬੀਤੀ 2 ਫਰਵਰੀ ਤੋਂ ਟੈਂਕੀ ‘ਤੇ ਚੜ੍ਹੇ ਅਤੇ ਪਿਛਲੇ 60 ਘੰਟਿਆਂ ਤੋਂ ਬੱਸ ਸਟੈਂਡ ਸਾਹਮਣੇ ਹਾਈਵੇ ‘ਤੇ ਮ੍ਰਿਤਕ ਬੱਚੀ ਦੀ ਲਾਸ਼ ਰੱਖ ਕੇ ਬੈਠੇ ਈ. ਜੀ. ਐੱਸ./ਏ. ਆਈ. ਈ. ਅਧਿਆਪਕਾਂ ਦਾ ਸੰਘਰਸ਼ ਸਰਕਾਰ ਤੇ ਪ੍ਰਸ਼ਾਸਨ ‘ਤੇ ਭਾਰੀ ਪੈ ਸਕਦਾ ਹੈ। ਸੰਘਰਸ਼ ਤੇ ਅਧਿਆਪਕਾਂ ਦੀਆਂ ਮੰਗਾਂ ਦੀ ਅਣਦੇਖੀ ਤੋਂ ਖਫਾ ਦਰਜਨਾਂ ਜਥੇਬੰਦੀਆਂ ਨੇ ਅਧਿਆਪਕਾਂ ਦੀ ਹਮਾਇਤ ਵਿਚ ਉਤਰਦਿਆਂ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ, ਜਿਸ ਤਹਿਤ ਜਥੇਬੰਦੀਆਂ ਨੇ ਐਤਵਾਰ ਨੂੰ ਸਥਾਨਕ ਟੀਚਰਜ਼ ਹੋਮ ਵਿਚ ਇਕ ਮੀਟਿੰਗ ਬੁਲਾਈ ਹੈ। ਸ਼ਨੀਵਾਰ ਨੂੰ ਜਿਥੇ ਅਧਿਆਪਕਾਂ ਵਲੋਂ ਕੀਤਾ ਜਾ ਰਿਹਾ ਚੱਕਾ ਜਾਮ ਜਾਰੀ ਰਿਹਾ, ਉਥੇ ਹੀ 2 ਫਰਵਰੀ ਤੋਂ ਬਠਿੰਡਾ ਦੇ ਵਿਚੋ-ਵਿਚ ਟੈਂਕੀ ‘ਤੇ ਚੜ੍ਹੇ 11 ਅਧਿਆਪਕ ਵੀ ਟੈਂਕੀ ‘ਤੇ ਹੀ ਡਟੇ ਰਹੇ। ਜ਼ਿਕਰਯੋਗ ਹੈ ਕਿ ਅਧਿਆਪਕਾਂ ਤੇ ਸਰਕਾਰ ਦਰਮਿਆਨ ਹਰ ਗੱਲਬਾਤ ਦੇ ਫੇਲ ਹੋਣ ਕਾਰਨ ਮ੍ਰਿਤਕ ਬੱਚੀ ਦੀ ਮੌਤ ਦੇ 60 ਘੰਟਿਆਂ ਬਾਅਦ ਵੀ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਿਆ।

ਪਿੰਡ ਬੰਬੀਹਾ ਭਾਈ ਦੀ ਪੰਚਾਇਤ ਬਠਿੰਡਾ ਪਹੁੰਚੀ : ਅੱਜ ਪਿੰਡ ਦੀ ਪੰਚਾਇਤ ਸਰਪੰਚ ਗੁਰਚਰਨ ਸਿੰਘ ਦੀ ਅਗਵਾਈ ਵਿਚ ਅਧਿਆਪਕਾਂ ਨੂੰ ਮਿਲਣ ਬਠਿੰਡਾ ਪਹੁੰਚੀ। ਬੱਚੀ ਦੇ ਪਿੰਡ ਬੰਬੀਹਾ ਭਾਈ ਜ਼ਿਲਾ ਮੋਗਾ ਤੋਂ ਪਹੁੰਚੀ ਸਰਪੰਚ ਨੇ ਅਧਿਆਪਕ ਸੰਗਠਨ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਬੱਚੀ ਦੀ ਲਾਸ਼ ਖਰਾਬ ਹੋਣ ਦੀ ਗੱਲ ਕਹਿ ਕੇ ਉਸ ਦਾ ਅੰਤਿਮ ਸੰਸਕਾਰ ਕਰਨ ਨੂੰ ਕਿਹਾ ਪਰ ਅਧਿਆਪਕ ਆਗੂਆਂ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।

ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਅਧਿਆਪਕਾਂ ਦੇ ਧਰਨੇ ਦੀ ਹਮਾਇਤ ਕਰਦੇ ਹਨ ਪਰ ਬੱਚੀ ਦੀ ਲਾਸ਼ ਖਰਾਬ ਕਰਨ ਤੋਂ ਚੰਗਾ ਹੈ ਕਿ ਉਸ ਦਾ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇ। ਉਧਰ, ਹਾਲੇ ਵੀ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਵਲੋਂ ਸਮਰਥਨ ਦੇਣਾ ਜਾਰੀ ਹੈ।

ਠੰਡ ਨਾਲ ਨਹੀਂ ਹੋਈ ਬੱਚੀ ਦੀ ਮੌਤ : ਸਿਵਲ ਸਰਜਨ¸ਬਠਿੰਡਾ, (ਸੁਖਵਿੰਦਰ)- ਦੇਰ ਸ਼ਾਮ ਬੁਲਾਈ ਗਈ ਇਕ ਪ੍ਰੈੱਸ ਕਾਨਫਰੰਸ ਵਿਚ ਜ਼ਿਲਾ ਬਠਿੰਡਾ ਦੇ ਸਿਵਲ ਸਰਜਨ ਡਾ. ਅਜੇ ਸਾਹਨੀ ਤੇ ਹੋਰ ਡਾਕਟਰਾਂ ਨੇ ਦੱਸਿਆ ਕਿ ਬਠਿੰਡਾ ਵਿਚ ਸੰਘਰਸ਼ਸ਼ੀਲ ਈ.ਜੀ.ਐੱਸ./ਏ.ਆਈ.ਈ. ਅਧਿਆਪਕਾਂ ਦੇ ਸੰਘਰਸ਼ ਦਰਮਿਆਨ ਹੋਈ ਬੱਚੀ ਦੀ ਮੌਤ ਠੰਡ ਲੱਗਣ ਨਾਲ ਨਹੀਂ ਹੋਈ। ਡਾ. ਸਾਹਨੀ ਨੇ ਦੱਸਿਆ ਕਿ ਫਿਲਹਾਲ ਬੱਚੀ ਦੀ ਮੌਤ ਦਾ ਕਾਰਨ ਵਿਟਾਮਿਨਾਂ ਦੀ ਕਮੀ ਜਾਪ ਰਿਹਾ ਹੈ, ਜਦੋਂਕਿ ਮੌਤ ਦੇ ਕਾਰਨਾਂ ਦੀ ਪੂਰੀ ਅਸਲੀਅਤ ਬੱਚੀ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਚੱਲ ਸਕੇਗੀ। ਉਨ੍ਹਾਂ ਦੱਸਿਆ ਕਿ ਬੱਚੀ ਨੂੰ ਗੰਭੀਰ ਹਾਲਤ ਵਿਚ ਹੀ 3 ਫਰਵਰੀ ਨੂੰ ਭਰਤੀ ਕਰਵਾਇਆ ਗਿਆ ਸੀ ਪਰ ਅਗਲੇ 2 ਦਿਨਾਂ ਵਿਚ ਉਸ ਦੀ ਹਾਲਤ ਵਿਚ ਸੁਧਾਰ ਹੋ ਗਿਆ ਸੀ। 5 ਫਰਵਰੀ ਦੀ ਰਾਤ ਬੱਚੀ ਦੀ ਹਾਲਤ ਅਚਾਨਕ ਗੰਭੀਰ ਹੋ ਗਈ। ਬੱਚੀ ਦੇ ਵਾਰਿਸਾਂ ਨਾਲ ਬੱਚੀ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਲਈ ਰੈਫਰ ਕਰਨ ਦੀ ਗੱਲ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ।

ਬੱਚੀ ਦੀ ਮੌਤ ’ਤੇ ਪਰਦੇ ਪਾਉਣ ਦੀ ਕੋਸ਼ਿਸ਼ ’ਚ ਜੁੱਟੀ ਬਾਦਲ ਸਰਕਾਰ

ਬਠਿੰਡਾ: ਪੰਜਾਬ ਸਰਕਾਰ ਬਠਿੰਡਾ ਵਿੱਚ ਅਧਿਆਪਕਾਂ ਦੇ ਸੰਘਰਸ਼ ਦੌਰਾਨ ਬੱਚੀ ਦੀ ਹੋਈ ਮੌਤ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ’ਚ ਜੁੱਟ ਗਈ ਹੈ। ਅੱਜ ਦੇਰ ਸ਼ਾਮ ਬਠਿੰਡਾ ਦੇ ਸਿਵਲ ਸਰਜਨ ਅਜੇ ਸਾਹਨੀ ਨੇ ਪ੍ਰੈਸ ਕਾਨਫ਼ਰੰਸ ਸੱਦ ਕੇ ਕਿਹਾ ਕਿ ਬੱਚੀ ਰੂਥ ਦੀ ਮੌਤ ਖੁਰਾਕ ਦੀ ਕਮੀ ਕਰਕੇ ਹੋਈ ਹੈ ਜਿਸ ਕਰਕੇ ਬੱਚੀ ਨੂੰ ਦੌਰੇ ਪੈ ਰਹੇ ਸਨ। ਉਨ੍ਹਾਂ ਬੱਚੀ ਦੀ ਮੌਤ ਠੰਢ ਅਤੇ ਨਮੂਨੀਏ ਨਾਲ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਮੰਨਿਆ ਕਿ ਦੇਸ਼ ਵਿੱਚ ਬਹੁਤ ਹੀ ਘੱਟ ਬੱਚਿਆਂ ਦੀ ਮੌਤ ਖੁਰਾਕ ਦੀ ਕਮੀ ਕਰਕੇ ਹੁੰਦੀ ਹੈ। ਪ੍ਰੰਤੂ ਇਸ ਕੇਸ ਵਿੱਚ ਬੱਚਾ ਬੱਚ ਨਹੀਂ ਸਕਿਆ।

ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਵਿੱਚ ਫੌਤ ਹੋਈ ਬੱਚੀ ਦੀ ਮਾਂ ਨਾਲ ਦੁੱਖ ਵੰਡਾਉਂਦੇ ਹੋਏ।

ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਸਰਕਾਰ: ਮਨਪ੍ਰੀਤ: ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਬੱਚੇ ਦੇ ਮਾਪਿਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਪੋਸਟ ਪਾਰਟਮ ਦੀ ਰਿਪੋਰਟ ਤੋਂ ਮੌਤ ਦੇ ਕਾਰਨ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ। ਸ੍ਰੀ ਬਾਦਲ ਨੇ ਕਿਹਾ ਕਿ ਮੰਤਰੀ ਅਤੇ ਅਧਿਕਾਰੀ ਜੇਕਰ ਬੱਚੇ ਦੇ ਮਾਪਿਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਨਹੀਂ ਮਾਰ ਸਕਦੇ ਤਾਂ ਘੱਟੋ ਘੱਟ ਚੁੱਪ ਤਾਂ ਰਹਿ ਹੀ ਸਕਦੇ ਹਨ।

ਵਿਰੋਧੀ ਧਿਰਾਂ ਦੇਣਗੀਆਂ ਪ੍ਰੋਗਰਾਮ: ਪੰਜਾਬ ਦੀਆਂ ਵਿਰੋਧੀ ਧਿਰਾਂ ਵੱਲੋਂ ਭਲਕੇ ਬਠਿੰਡਾ ਦੇ ਟੀਚਰਜ਼ ਹੋਮ ਵਿੱਚ ਇਕੱਠੇ ਹੋ ਕੇ ਬੱਚੀ ਦੀ ਮੌਤ ਦੇ ਮਾਮਲੇ ’ਤੇ ਸਾਂਝਾ ਪ੍ਰੋਗਰਾਮ ਉਲੀਕਣਗੀਆਂ।
ਸੁਖਬੀਰ ਨੇ ਜਾਂਚ ਕਰਾਉਣ ਦੀ ਗੱਲ ਆਖੀ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਸੰਗਤ ਦਰਸ਼ਨ ਮੌਕੇ ਬਠਿੰਡਾ ਵਿੱਚ ਬੱਚੀ ਦੀ ਹੋਈ ਮੌਤ ਦੇ ਮਾਮਲੇ ’ਤੇ ਬੋਲਣ ਮੌਕੇ ਸੰਜਮ ਹੀ ਵਰਤਿਆ। ਜਦੋਂ ਇਹ ਪੁੱਛਿਆ ਗਿਆ ਕਿ ਪੁਲੀਸ ਨੇ ਅਧਿਆਪਕਾਂ ਦੀਆਂ ਰਜ਼ਾਈਆਂ ਖੋਹ ਲਈਆਂ ਜਿਸ ਕਰਕੇ ਬੱਚੀ ਨੂੰ ਠੰਢ ਲੱਗ ਗਈ ਸੀ, ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ, ਉਹ ਜਾਂਚ ਕਰਾਉਣਗੇ। ਉਨ੍ਹਾਂ ਹੋਰ ਕੁਝ ਕਹਿਣ ਦੀ ਥਾਂ ਏਨਾ ਹੀ ਆਖਿਆ ਕਿ ਭਲਕੇ ਮੁੱਖ ਮੰਤਰੀ ਨਾਲ ਇਨ੍ਹਾਂ ਅਧਿਆਪਕਾਂ ਦੀ ਮੀਟਿੰਗ ਹੋ ਰਹੀ ਹੈ।
ਬਠਿੰਡਾ ’ਚ ਕੈਂਡਲ ਮਾਰਚ: ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਦੇ ਵਸਨੀਕਾਂ ਨੇ ਐਡਵੋਕੇਟ ਸੁਦੀਪ ਸਿੰਘ ਅਤੇ ਹੋਰਨਾਂ ਦੀ ਅਗਵਾਈ ਹੇਠ ਅੱਜ ਅੱਠ ਵਜੇ ਈਜੀਐਸ ਅਧਿਆਪਕਾ ਦੀ ਬੱਚੀ ਦੀ ਮੌਤ ’ਤੇ ਹਮਦਰਦੀ ਪ੍ਰਗਟ ਕਰਦਿਆਂ ਕੈਂਡਲ ਮਾਰਚ ਕੱਢਿਆ।

- Advertisement -
- Advertisement -

Latest News

Canadian Sikh Businessman shot dead outside his office

A 50-year-old Punjabi businessman, Harjit Singh Dhadda, was shot dead outside his office in Mississauga, Canada. The incident took...

More Articles Like This

- Advertisement -