ਮੋਗਾ, 1 ਦਸੰਬਰ : ਸੌਦਾ ਸਾਧ ਨੇ ਆਪਣੇ ਸਿਆਸੀ ਵਿੰਗ ਰਾਹੀਂ ਧਮਕੀ ਦਿੱਤੀ ਹੈ ਕਿ ਜੇਕਰ ਇਸ ਜ਼ਿਲ੍ਹੇ ਦੇ ਮਹਿਣਾ ਖੇਤਰ ਵਿਖੇ ਉਸ ਦੇ ਪ੍ਰੇਮੀਆਂ ਉਪਰ ਹਮਲਾ ਕਰਨ ਵਾਲਿਆਂ ਵਿਰੱਧ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸਾਰੇ ਪੰਜਾਬ ਵਿੱਚ ਸੜਕੀ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ।
ਉਧਰ ਅਕਾਲੀ ਵਿਧਾਇਕ ਤੋਤਾ ਸਿੰਘ ਜਿਨ੍ਹਾਂ ਨੂੰ ਸਿੱਖਾਂ ਤੇ ਡੇਰੇ ਵਿਚਾਲੇ ਸ਼ਾਂਤੀ ਕਾਇਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਅੱਜ ਦੋਵਾਂ ਧਿਰਾਂ ਨੂੰ ਮਨਾਉਣ ਵਿੱਚ ਅਸਫਲ ਹੋ ਗਏ। ਇਸ ਮਗਰੋਂ ਡੇਰੇ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਅਗਲੇ ਹਫਤੇ ਪੂਰੇ ਪੰਜਾਬ ਵਿੱਚ ਦੋ ਘੰਟਿਆਂ ਲਈ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ।
ਇਸੇ ਦੌਰਾਨ ਢੁੱਡੀਕੇ ਵਿਖੇ ਪੁਲੀਸ ਦੀ ਛਤਰ-ਛਾਇਆ ਹੇਠ ਮਾਹੌਲ ਸ਼ਾਂਤ ਹੈ। ਡੇਰੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹਮਲਾ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਜਾਣ। 26 ਨਵੰਬਰ ਨੂੰ ਢੁੱਡੀਕੇ ਵਿਖੇ ਡੇਰਾ ਪ੍ਰੇਮੀਆਂ ਤੇ ਪਿੰਡ ਵਾਸੀਆਂ ਵਿਚਾਲੇ ਝੜਪ ਕਾਰਨ ਕਈ ਵਿਅਕਤੀ ਫੱਟੜ ਹੋ ਗਏ ਸਨ।