ਹਾਜੀਪੁਰ (ਪਟਨਾ)-ਬਿਹਾਰ ਦੀ ਪੁਲਸ ਨੇ ਪਿਛਲੇ ਸਾਲ ਫਰਵਰੀ ‘ਚ ਚੋਰੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲ ਪੁਰਾਣੇ 2 ਸਰੂਪ ਬਰਾਮਦ ਕਰ ਲਏ ਹਨ। ਇਹ ਸਰੂਪ ਵੈਸ਼ਾਲੀ ਜ਼ਿਲੇ ਦੇ ਲਾਲਗੰਜ ਥਾਣੇ ਅਧੀਨ ਪੈਂਦੇ ਪਿੰਡ ਰੇਪੁਰਾ ਦੇ ਨਾਨਕਸ਼ਾਹੀ ਗੁਰਦੁਆਰੇ ਤੋਂ ਚੋਰੀ ਕੀਤੇ ਗਏ ਸਨ।
ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਪੁਲਸ ਕਪਤਾਨ ਸੁਰੇਸ਼ ਪ੍ਰਸਾਦ ਚੌਧਰੀ ਨੇ ਦੱਸਿਆ ਕਿ ਰੇਪੁਰਾ ਪਿੰਡ ਤੋਂ ਪਿਛਲੇ ਸਾਲ ਫਰਵਰੀ ‘ਚ ਚੋਰੀ ਕੀਤੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪਾਵਨ ਸਰੂਪ ਪਿੰਡ ਮੁਹੰਮਦਪੁਰ ਦੇ ਇਕ ਸੁੰਨਸਾਨ ਰੇਲ ਸ਼ੈੱਡ ‘ਚ ਪਏ ਲੋਹੇ ਦੇ ਬਕਸੇ ‘ਚੋਂ ਬਰਾਮਦ ਕੀਤੇ ਗਏ ਹਨ।
ਤਖਤ ਸ਼੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਆਰ. ਐੱਸ. ਜੀਤ ਨੇ ਕਿਹਾ ਕਿ ਚੋਰੀ ਹੋਏ ਇਹ ਇਤਿਹਾਸਕ ਅਤੇ ਪਾਵਨ ਸਰੂਪ ਮਿਲਣ ਨਾਲ ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ।
ਇਹ ਸਰੂਪ ਲੈਣ ਲਈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ, ਕਰਮਚਾਰੀ ਲਛਮਣ ਸਿੰਘ, ਸੁਰਜੀਤ ਸਿੰਘ ਸੋਨੂੰ ਅਤੇ ਗ੍ਰੰਥੀ ਕਮਲ ਸਿੰਘ ਵੈਸ਼ਾਲੀ ਜ਼ਿਲੇ ਦੇ ਮੁੱਖ ਦਫਤਰ ਹਾਜੀਪੁਰ ਪੁੱਜੇ ਸਨ। ਉਨ੍ਹਾਂ ਕਿਹਾ ਕਿ ਪੁਲਸ ਨੇ ਇਹ ਪਾਵਨ ਗ੍ਰੰਥ ਤਖਤ ਸ਼੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਦੇ ਇਨ੍ਹਾਂ ਪ੍ਰਤੀਨਿਧੀਆਂ ਨੂੰ ਸੌਂਪ ਦਿੱਤੇ, ਜਿਹੜੇ ਕਿ ਕਮੇਟੀ ਵਲੋਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੂੰ ਸੌਂਪ ਦਿੱਤੇ ਗਏ ਹਨ।