ਜਲੰਧਰ, 3 ਅਪਰੈਲ : ਆਮ ਆਦਮੀ ਪਾਰਟੀ ’ਚ ਅੱਜ ਹੀ ਸ਼ਾਮਲ ਹੋਈ 28 ਸਾਲਾ ਜੋਤੀ ਮਾਨ ਅਕਸਰਾ ਨੂੰ ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਜੋਤੀ ਮਾਨ ਜਲੰਧਰ ਛਾਉਣੀ ਦੇ ਇੱਕ ਨਿੱਜੀ ਸਕੂਲ ’ਚ ਟੀਚਰ ਹੈ ਤੇ ਇੱਥੋਂ ਦੇ ਮਸ਼ਹੂਰ ਤੋਪਖਾਨਾ ਬਜ਼ਾਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਪ੍ਰੇਮ ਚੰਦ ਮਾਨ ਐਮ.ਈ.ਐਸ. ’ਚ ਸਫਾਈ ਮੁਲਾਜ਼ਮ ਹਨ। ਪੰਜਾਬ ’ਚ ਕਿਸੇ ਸਫਾਈ ਮੁਲਾਜ਼ਮ ਦੀ ਅਣਵਿਆਹੀ ਧੀ ਨੂੰ ਲੋਕ ਸਭਾ ਹਲਕੇ ਦੀ ਟਿਕਟ ਦੇਣ ਵਾਲੀ ਆਪ ਪਹਿਲੀ ਪਾਰਟੀ ਬਣ ਗਈ ਹੈ। ਰਾਜਨੀਤੀ ਤੋਂ ਪੂਰੀ ਤਰ੍ਹਾਂ ਅਣਜਾਣ ਜੋਤੀ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਾਰਟੀ ਦੇ ਆਗੂ ਯੋਗਿੰਦਰ ਯਾਦਵ ਦਾ ਫੋਨ ਆਇਆ ਸੀ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ।
ਪਾਰਟੀ ਨੇ ਆਪਣੀ ਵੈੱਬਸਾਈਟ ’ਤੇ ਅਜੇ ਤੱਕ ਜੋਤੀ ਮਾਨ ਦੀ ਟਿਕਟ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੋਈ ਪਰ ਆਦਿ ਧਰਮ ਸਮਾਜ ਦੇ ਬਾਨੀ ਦਰਸ਼ਨ ਰਤਨ ਰਾਵਣ ਨੇ ਆਪਣੀ ਫੇਸਬੁੱਕ ’ਤੇ ਜੋਤੀ ਮਾਨ ਅਕਸਰਾ ਨੂੰ ਜਲੰਧਰ ਤੋਂ ‘ਆਪ’ ਦਾ ਉਮੀਦਵਾਰ ਐਲਾਨਿਆ ਹੈ। ਪਹਿਲਾਂ ਐਲਾਨੇ ਉਮੀਦਵਾਰ ਰਾਜੇਸ਼ ਪਦਮ ਨੂੰ ਵੀ ਦਰਸ਼ਨ ਰਤਨ ਦੇ ਕਹਿਣ ’ਤੇ ਹੀ ਉਮੀਦਵਾਰ ਬਣਾਇਆ ਗਿਆ ਸੀ। ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ’ਚ ਰਾਜੇਸ਼ ਪਦਮ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਪਹਿਲਾ ਆਪ ਨੇ ਟਿਕਟ ਦਿੱਤੀ ਸੀ ਪਰ ਉਨ੍ਹਾਂ ਦਾ ਨਾਂ ਮਿੱਟੀ ਦੇ ਤੇਲ ’ਚ ਮਿਲਾਵਟ ਕਰਨ ਦੇ ਮਾਮਲੇ ’ਚ ਆਉਣ ਕਾਰਨ ਪਾਰਟੀ ਨੂੰ ਭਾਰੀ ਨਮੋਸ਼ੀ ਝੱਲਣੀ ਪੈ ਰਹੀ ਸੀ।
ਆਪ ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਬਾਲਮੀਕ ਭਾਈਚਾਰੇ ਨੂੰ ਟਿਕਟ ਦੇ ਕੇ ਜਾਤੀ ਕਾਰਡ ਖੇਡਿਆ ਹੈ। ਜਲੰਧਰ ਤੋਂ ਪਾਰਟੀ ਦਾ ਯੂਨਿਟ ਇਹ ਮਹਿਸੂਸ ਕਰਦਾ ਆ ਰਿਹਾ ਸੀ ਕਿ ਇੱਥੋਂ ਮਜ਼ਬੂਤ ਉਮੀਦਵਾਰ ਦਿੱਤਾ ਜਾਵੇ ਤਾਂ ਪਾਰਟੀ ਆਪਣੀ ਕਾਰਗੁਜ਼ਾਰੀ ਦਿਖਾਉਣ ’ਚ ਕਾਮਯਾਬ ਹੋ ਸਕੇ ਪਰ ਇਥੋਂ ਕਮਜ਼ੋਰ ਉਮੀਦਵਾਰ ਉਤਾਰੇ ਜਾਣ ਨਾਲ ਪਾਰਟੀ ਵਰਕਰਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ ਤੇ ਪਾਰਟੀ ਵਰਕਰਾਂ ਦਾ ਇੱਕ ਵੱਡਾ ਹਿੱਸਾ ਪੰਜਾਬ ’ਚ ਦੂਜੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਤਿਆਰੀਆਂ ਕਰ ਰਿਹਾ ਹੈ। ਜਲੰਧਰ ਛਾਉਣੀ ’ਚ ਪਾਰਟੀ ਦੀ ਐਲਾਨੀ ਉਮੀਦਵਾਰ ਦੇ ਘਰ ਆਪ ਦੇ ਵਰਕਰਾਂ ਦੀ ਕੋਈ ਬਹੁਤੀ ਵੱਡੀ ਭੀੜ ਨਹੀਂ ਜੁਟ ਸਕੀ। ਰਾਜੇਸ਼ ਪਦਮ ਨੂੰ ਉਮੀਦਵਾਰ ਬਣਾਏ ਜਾਣ ’ਤੇ ਵੀ ਆਪ ’ਚ ਤਕੜੀ ਬਗਾਵਤ ਉਠ ਖੜ੍ਹੀ ਹੋਈ ਸੀ। ਉਦੋਂ ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ’ਤੇ ਦਬਾਅ ਬਣਾਇਆ ਗਿਆ ਸੀ ਕਿ ਜਲੰਧਰ ਤੋਂ ਰਾਜੇਸ਼ ਪਦਮ ਨੂੰ ਬਦਲਿਆ ਜਾਵੇ।
ਜਾਣਕਾਰੀ ਅਨੁਸਾਰ ਪਾਰਟੀ ਉਮੀਦਵਾਰ ਬਦਲੇ ਜਾਣ ਦੇ ਬਾਵਜੂਦ ਵੀ ਸਥਿਤੀ ਨਹੀਂ ਸੁਧਰੀ। ਸੂਤਰਾਂ ਅਨੁਸਾਰ ਜਲੰਧਰ ਲੋਕ ਸਭਾ ਹਲਕੇ ’ਚ ਉਮੀਦਵਾਰ ਤੈਅ ਕਰਨ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੀ ਨਹੀਂ ਚੱਲੀ ਤੇ ਉਨ੍ਹਾਂ ਕੁਝ ਖਾਸ ਬੰਦਿਆਂ ਕੋਲ ਆਪਣੀ ਮਜਬੂਰੀ ਵੀ ਜ਼ਾਹਿਰ ਕੀਤੀ ਦੱਸੀ ਜਾਂਦੀ ਹੈ।