ਮਲੋਟ, 13 ਮਈ (ਰਾਜਵਿੰਦਰਪਾਲ ਸਿੰਘ) ਹਾਂਲਾਂਕਿ ਦਸਮ ਪਿਤਾ ਧੰਨ-ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਸਾਜੀ ਗਈ ਇੱਕ ਵੱਖਰੀ ਪਹਿਚਾਣ ਵਾਲੀ ਸਿੱਖ ਕੌਮ ਨੂੰ ਢਾਹ ਲਾਉਣ ਦੀਆਂ ਭਾਰਤ ਭਰ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ। ਲਸਾਨੀ ਕੁਰਬਾਨੀਆਂ ਅਤੇ ਮਾਣਮੱਤੇ ਇਤਹਾਸ ਵਾਲੀ ਇਸ ਕੌਮ ’ਤੇ ਹਰ ਪਾਸਿਓਂ ਲਗਾਤਾਰ ਹਮਲੇ ਜਾਰੀ ਰਹਿੰਦੇ ਹਨ। ਜਿਆਦਾਤਰ ਇਹ ਕੋਸ਼ਿਸ਼ਾਂ ਮੱਧ ਪ੍ਰਦੇਸ਼, ਮਹਾਂਰਾਸ਼ਟਰ ਵਾਲੇ ਪਾਸੇ ਹੀ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਸਮਾਂ ਪਹਿਲਾਂ ਵੀ ‘ਪਹਿਰੇਦਾਰ’ ਵਲੋਂ ਪਾਠਕਾਂ ਦੇ ਧਿਆਨ ਹਿੱਤ ਸ੍ਰੀ ਨੰਦੇੜ ਸਾਹਿਬ ਵਿਖੇ ਗੁਦੁਆਰਿਆਂ ’ਚ ਹੋ ਰਹੇ ਮਾਂ ਭਗਵਤੀ ਦੇ ਪਾਠਾਂ ਦਾ ਮਾਮਲਾ ਲਿਆਂਦਾ ਗਿਆ ਸੀ। ਇਸੇ ਤਰਾਂ ਪੰਜਾਬ ਅੰਦਰ ਵੀ ਜ¦ਧਰ ’ਚ ਸਿੱਖਾਂ ਨੂੰ ਜਬਰਨ ਇਸਾਈ ਬਣਾਏ ਜਾਣ ਵਰਗੇ ਭਖਦੇ ਮਸਲੇ ਤੋਂ ਵੀ ਜਾਂਣੂ ਕਰਵਾਇਆ ਗਿਆ। ਸਿੱਖ ਕੌਮ ਦੇ ਦੁਸ਼ਮਣਾਂ ਵਲੋਂ ਆਏ ਦਿਨ ਕੀਤੀਆਂ ਜਾਂਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਇਲਾਵਾ ਕਈ ਵਾਰ ਸਿੱਖ ਧਰਮ ’ਚ ਸ਼ਰਧਾ ਰੱਖਣ ਵਾਲਿਆਂ ਤੋਂ ਵੀ ਜਾਨੇ ਅਨਜਾਨੇ ’ਚ ਅਜਿਹੀ ਗਲਤੀ ਹੋ ਜਾਂਦੀ ਹੈ ਜਿਸ ਨਾਲ ਸਮੁੱਚੇ ਸਿੱਖਾਂ ਦੀ ਭਾਵਨਾਵਾਂ ਆਹਤ ਹੀ ਨਹੀਂ ਹੁੰਦੀਆਂ, ਹਿਰਦੇ ਹੀ ਨਹੀਂ ਵਲੂੰਘਰੇ ਜਾਂਦੇ ਬਲਕਿ ਪੂਰੀ ਸਿੱਖ ਕੌਮ ’ਚ ਰੋਸ ਦੀ ਲਹਿਰ ਵੀ ਦੌੜ ਜਾਂਦੀ ਹੈ।
ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ’ਚ ਵੇਖਣ ਨੂੰ ਮਿਲਿਆ ਜਿਸ ਸਬੰਧੀ ‘ਪਹਿਰੇਦਾਰ’ ਵਲੋਂ ਬੀਤੇ ਦੋ ਦਿਨ ਪਹਿਲਾਂ ਪ੍ਰਮੁੱਖਤਾ ਨਾਲ ਖ਼ਬਰ ਛਾਪੀ ਗਈ ਕਿ ਕਿਸ ਤਰਾਂ ਥਾਣਾ ਕੋਤਵਾਲੀ ਅਧੀਨ ਪੈਂਦੇ ਜਵਾਹਰ ਮਾਰਗ ਸਿਆਗੰਜ ਇਲਾਕੇ ਅੰਦਰ ਇੱਕ ਦੁਕਾਨ ‘ਵਾਹਿਗੁਰੂ ਟ੍ਰੇਡਰਜ਼’ ਦੇ ਨਾਂਅ ’ਤੇ ਖੋਲੀ ਗਈ ਜਿਸ ਵਿਚ ਸਿੱਖੀ ਨਾਲ ਸਬੰਧਤ ਕੋਈ ਸਮਗਰੀ ਦਾ ਨਹੀਂ ਬਲਕਿ ਬੀੜੀਆਂ, ਸਿਗਰਟਾਂ, ਸੁਪਾਰੀ ਅਤੇ ਪਾਨ ਮਸਾਲਿਆਂ (ਜਰਦੇ,ਗੁੱਟਖਿਆਂ) ਦਾ ਵਪਾਰ ਕੀਤਾ ਜਾਂਦਾ ਹੈ। ਹੋਰ ਤਾਂ ਹੋਰ ਇਸ ਦੁਕਾਨਦਾਰ ਨੇ ਨਾਂਅ ‘ਵਾਹਿਗੁਰੂ ਟ੍ਰੇਡਰਜ਼’ ਤਾਂ ਰੱਖਿਆ ਹੀ ਸੀ, ਉੱਤੋਂ ਦੁਕਾਨ ਦੇ ਸਾਇਨ ਬੋਰਡ ’ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਛਾਪੀ ਹੋਈ ਸੀ। ਖ਼ਬਰ ਲਗਦਿਆਂ ਹੀ ਸਿੱਖ ਸਗੰਤਾਂ ਨੇ ਇਸ ’ਤੇ ਪੈਰਵਾਈ ਕੀਤੀ। ‘ਪਹਿਰੇਦਾਰ’ ਵਲੋਂ ਵੀ ਪੂਰੀ ਖੋਘ ਪੜਤਾਲ ਕੀਤੀ ਗਈ ਤਾਂ ਪੂਰਾ ਮਾਮਲਾ ਸਾਹਮਣੇ ਆਇਆ।
ਇਸ ਸਬੰਧੀ ਜਦ ਸਾਡੇ ਮਲੋਟ ਪ੍ਰਤੀਨਿਧੀ ਵਲੋਂ ਇੰਦੋਰ ਥਾਣਾ ਕੋਤਵਾਲੀ ਦੀ ਇੰਚਾਰਜ ਮੰਜੂ ਯਾਦਵ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਸ ਵਿਵਾਦਿਤ ਦੁਕਾਨ ਦਾ ਮਾਲਕ ਇੱਕ ਸਿੰਧੀ ਹੈ। ਰਾਜੇਸ਼ ਮਿਰਗ ਨਾਂਅ ਦੇ ਇਸ ਸਿੰਧੀ ਦੀ ਸਿੱਖ ਧਰਮ ਪ੍ਰਤੀ ਬੇਹੱਦ ਆਸਥਾ ਹੈ ਤੇ ਗੁਰੂ ਨਾਨਕ ਦੇਵ ਜੀ ਨੂੰ ਉਹ ਆਪਣਾ ਈਸ਼ਟ ਮੰਨਦਾ ਹੈ। ਮੰਜੂ ਯਾਦਵ ਦੇ ਦੱਸਣ ਮੁਤਾਬਕ ਰਾਜੇਸ਼ ਮਿਰਗ ਦੇ ਘਰ ਵੀ ਹਰ ਪਾਸੇ ਗੁਰੂ ਨਾਨਕ ਸਾਹਿਬ ਦੀਆਂ ਹੀ ਫ਼ੋਟੂਆਂ ਲੱਗੀਆਂ ਹੋਈਆਂ ਹਨ ਅਤੇ ਰਾਜੇਸ਼ ਦਾ ਕਹਿਣਾ ਸੀ ਕਿ ਸਿੰਧ ਵਿੱਚ ਇੱਕਲੇ ਗੁਰੂਦੁਆਰੇ ਹਨ ਤੇ ਉਥੇ ਉਹ ਸਿੱਖਾਂ ਨੂੰ ਇੱਕ ਦੂਸਰੇ ਨਾਲ ‘ਵਾਹਿਗੁਰੂ’ ਨਾਲ ਸੰਬੋਧਨ ਕਰਦਿਆਂ ਵੇਖਦਾ ਸੀ। ਉਸ ਦੀ ਗੁਰੂ ਨਾਨਕ ਦੇਵ ਜੀ ’ਚ ਬੇਹੱਦ ਸ਼ਰਧਾ ਹੈ ਤੇ ਇਸ ਵਜੋਂ ਹੀ ਉਸ ਨੇ ਵਪਾਰ ਦੀਆਂ ਚੜਦੀਆਂ ਕਲਾਂ ਲਈ ਆਪਣੀ ਦੁਕਾਨ ਦਾ ਨਾਂਅ ਹੀ ‘ਵਾਹਿਗਰੂ ਟ੍ਰੇਡਰਜ਼’ ਰੱਖ ਦਿੱਤਾ ਤੇ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਵੀ ਛਪਵਾਈ।
ਰਾਜੇਸ਼ ਦੇ ਕਹਿਣ ਮੁਤਾਬਕ ਉਸਨੂੰ ਸਿੱਖ ਫ਼ਲਸਫ਼ੇ ਅਤੇ ਸਿੱਖ ਧਰਮ ਦੀਆਂ ਮਰਿਆਦਾਵਾਂ ਬਾਰੇ ਗੁੜੀ ਜਾਣਕਾਰੀ ਨਹੀਂ ਸੀ। ਜਿਸ ਦੇ ਚਲਦਿਆਂ ਉਸ ਤੋਂ ਇਹ ਗੁਸਤਾਖੀ ਹੋ ਗਈ। ਕੋਤਵਾਲੀ ਇੰਚਾਰਜ਼ ਮੰਜੂ ਯਾਦਵ ਨੇ ਦੱਸਿਆ ਕਿ ਰਾਜੇਸ਼ ਮਿਰਗ ਨੇ ਜਾਨੇ ਅਨਜਾਨੇ ’ਚ ਆਪਣੇ ਤੋਂ ਹੋਈ ਇਸ ਗਲਤੀ ਲਈ ਸਿੱਖ ਸੰਗਤਾਂ ਤੋਂ ਲਿਖਤੀ ਤੌਰ ਤੇ ਗਲਤੀ ਮੰਨ ਲਈ ਹੈ ਤੇ ਦੁਕਾਨ ’ਤੇ ਲੱਗਿਆ ਬੋਰਡ ਵੀ ਉਤਾਰ ਦਿੱਤਾ ਹੈ। ਖੈਰ ‘ਪਹਿਰੇਦਾਰ’ ਨੇ ਤਾਂ ਆਪਣਾ ਫ਼ਰਜ ਨਿਭਾ ਦਿੱਤਾ ਪਰ ਆਖਿਰ ਇਸ ਦੀ ਨੋਬਤ ਆਉਂਦੀ ਹੀ ਕਿਓਂ ਹੈ ..?..ਕੀ ਇਸ ਸਾਰੇ ਕਾਸੇ ਲਈ ਕੁਝ ਹੱਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੀ ਜ਼ਿੰਮੇਵਾਰ ਨਹੀਂ।
ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਿੱਖ ਧਰਮ ’ਚ ਸ਼ਰਧਾ ਰੱਖਣ ਵਾਲਿਆਂ ਨੂੰ ਸਿੱਖ ਧਰਮ ਦੇ ਮਾਣਮੱਤੇ ਇਤਹਾਸ ਅਤੇ ਮਰਿਆਦਾਵਾਂ ਬਾਰੇ ਪੂਰੀ ਤਰਾਂ ਜਾਣੂ ਕਰਵਾਉਣਾ ਵੀ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਫ਼ਰਜ਼ ਬਣਦਾ ਹੈ ਤੇ ਉਹਨਾਂ ਮੰਗ ਵੀ ਕੀਤੀ ਕਿ ਹੈ ਕਿ ਕਮੇਟੀ ’ਚ ਬੈਠੇ ਸਿੱਖ ਆਗੂਆਂ ਵਲੋਂ ਆਪਣੇ ਫ਼ਰਜ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਣੇ ਚਾਹੀਦੇ ਹਨ ਤਾਂ ਜੋ ਕਿਸੇ ਤੋਂ ਅਨਜਾਨਪੁਣੇ ’ਚ ਅਜਿਹੀਆਂ ਗੰਭੀਰ ਗਲਤੀਆਂ ਨਾ ਹੋਣ।