ਲੰਡਨ, 5 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਤੋਂ 46 ਮੀਲ ਦੂਰ ਯੂ. ਕੇ. ਦੇ ਇਲਾਕੇ ਕੈਂਟ ਦੀ ਸਿਪੀ ਕਰਾਸਿੰਗ ਏ-249 ਮੋਟਰਵੇਅ ‘ਤੇ ਸੰਘਣੀ ਧੁੰਦ ਪੈਣ ਕਾਰਨ 100 ਕਾਰਾਂ, ਟਰੱਕਾਂ ਅਤੇ ਹੋਰ ਵਾਹਨਾਂ ਵਿਚਕਾਰ ਅੱਜ ਸਵੇਰੇ 7:15 ਵਜੇ ਭਿਆਨਕ ਸੜਕ ਹਾਦਸਾ ਹੋਇਆ, ਜਿਸ ਵਿਚ 200 ਦੇ ਕਰੀਬ ਲੋਕ ਫੱਟੜ ਹੋ ਗਏ | ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਸਾਊਥਬੌਾਡ ਕੈਰੀਜ਼ਵੇਅ ‘ਤੇ 5 ਵਿਅਕਤੀਆਂ ਨੂੰ ਫਾਇਰਫਾਈਟਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ |
ਮੌਕੇ ਦੇ ਗਵਾਹਾਂ ਅਨੁਸਾਰ ਸੰਘਣੀ ਧੁੰਦ ਕਾਰਨ ਜਿਉਂ ਹੀ ਕਰਾਸਿੰਗ ‘ਤੇ ਪਹੁੰਚੇ ਜਿੱਥੇ ਲਾਈਟਾਂ ਕੰਮ ਨਹੀਂ ਕਰ ਰਹੀਆਂ ਸਨ ਅਤੇ ਵਾਹਨਾਂ ਦੀਆਂ ਟੱਕਰਾਂ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਵੇਖਦੇ-ਵੇਖਦੇ ਕਈ ਕਾਰਾਂ ਟਰੱਕਾਂ ਦੇ ਹੇਠਾਂ ਘੁਸ ਗਈਆਂ ਅਤੇ ਲੋਕ ਸੜਕਾਂ ‘ਤੇ ਡਿਗ ਪਏ |
ਜਦ ਕਿ ਕੁਝ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੂੰ ਕਾਰਾਂ ਰੋਕਣ ਲਈ ਇਸ਼ਾਰੇ ਕਰ-ਕਰ ਕੇ ਹੋਰ ਹਾਦਸਾ ਹੋਣ ਤੋਂ ਬਚਾਇਆ | ਇਸ ਮੌਕੇ ਸੈਂਕੜੇ ਲੋਕ ਸੜਕ ‘ਤੇ ਖੜ੍ਹੇ ਸਨ ਅਤੇ 100 ਦੇ ਕਰੀਬ ਕਾਰਾਂ ਅਤੇ ਹੋਰ ਵਾਹਨ ਨੁਕਸਾਨੇ ਗਏ |