ਫ਼ਰੀਦਕੋਟ, 13 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਆਏ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸ਼ਹਿਰ ਵਿੱਚ ਜ਼ੋਰਦਾਰ ਵਿਰੋਧ ਹੋਇਆ। ਨੌਜਵਾਨ ਭਾਰਤ ਸਭਾ ਦੇ ਕਰੀਬ 44 ਕਾਰਕੁਨਾਂ ਨੇ ਮਜੀਠੀਆ ਦੀ ਫੇਰੀ ਦਾ ਵਿਰੋਧ ਕਰਨ ਲਈ ਪੂਰੇ ਸ਼ਹਿਰ ਵਿੱਚ ਪੁਲੀਸ ਨੂੰ ਉਲਝਾਈ ਰੱਖਿਆ।
ਸਭਾ ਦੇ ਆਗੂਆਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਾਫ਼ਲਾ ਰੋਕ ਕੇ ਉਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ਤੋਂ ਬਾਅਦ ਰੈਲੀ ਵਾਲੀ ਥਾਂ ਵੱਲ ਨੂੰ ਰੋਸ ਮਾਰਚ ਕੀਤਾ। ਰੈਲੀ ਵਾਲੀ ਥਾਂ ਤੋਂ 500 ਗਜ਼ ਪਿੱਛੇ ਹੀ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਨੂੰ ਧੱਕਾਮੁੱਕੀ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਜੇ ਇਸ ਰੋਸ ਮਾਰਚ ਨੂੰ ਰੋਕ ਹੀ ਰਹੀ ਸੀ ਕਿ ਗੁਰੂ ਗੋਬਿੰਦ ਮੈਡੀਕਲ ਕਾਲਜ ਵੱਲੋਂ 25 ਦੇ ਕਰੀਬ ਨੌਜਵਾਨ ਕਾਲੀਆਂ ਝੰਡੀਆ ਲੈ ਕੇ ਰੈਲੀ ਵਾਲੇ ਥਾਂ ਵੱਲ ਨੂੰ ਰੋਸ ਮਾਰਚ ਕਰਨ ਲੱਗ ਪਏ। ਇਹ ਨੌਜਵਾਨ ਪੰਜਾਬ ਸਰਕਾਰ ਤੇ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰੈਲੀ ਦੇ ਪੰਡਾਲ ਤੱਕ ਪੁੱਜ ਗਏ ਅਤੇ ਪੁਲੀਸ ਨੇ ਇਸ ਭੁਲੇਖੇ ਵਿੱਚ ਹੀ ਇਨ੍ਹਾਂ ਨੂੰ ਨਹੀਂ ਰੋਕਿਆ ਕਿ ਇਹ ਯੂਥ ਅਕਾਲੀ ਆਗੂ ਹਨ ਅਤੇ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰ ਰਹੇ ਹਨ।
ਪੰਡਾਲ ਦੇ ਐਨ ਨੇੜੇ ਪਹੁੰਚਣ ’ਤੇ ਸਭ ਤੋਂ ਪਹਿਲਾਂ ਡੀ.ਐੱਸ.ਪੀ. ਜਸਵਿੰਦਰਪਾਲ ਸ਼ਰਮਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਹ ਨੌਜਵਾਨ ਕੈਬਨਿਟ ਮੰਤਰੀ ਦਾ ਵਿਰੋਧ ਕਰ ਰਹੇ ਹਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੋ ਰਹੀ ਹੈ। ਇੱਕ ਦਮ ਹਰਕਤ ਵਿੱਚ ਆਈ ਪੁਲੀਸ ਨੇ ਇਨ੍ਹਾਂ ਨੌਜਵਾਨਾਂ ਨੂੰ ਧੂਹ ਕੇ ਰੈਲੀ ਵਾਲੇ ਥਾਂ ਤੋਂ ਦੂਰ ਲੈ ਗਈ।
ਬਾਅਦ ਵਿੱਚ ਇਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਮਜੀਠੀਆ ਉਦੋਂ ਹੀ ਪੰਡਾਲ ਵਿੱਚ ਪੁੱਜੇ ਜਦੋਂ ਪੁਲੀਸ ਨੇ ਇਸ ਸਪੱਸ਼ਟ ਕੀਤਾ ਕਿ ਮਜੀਠੀਆ ਦਾ ਵਿਰੋਧ ਕਰਨ ਵਾਲੇ ਸਾਰੇ ਨੌਜਵਾਨ ਗ੍ਰਿਫ਼ਤਾਰ ਹੋ ਚੁੱਕੇ ਹਨ। ਨੌਜਵਾਨ ਭਾਰਤ ਸਭਾ ਦੇ ਆਗੂ ਡਰੱਗਜ਼ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸੀ.ਬੀ.ਆਈ. ਜਾਂਚ ਕਰਵਾਉਣ ਅਤੇ ਡੀ.ਜੀ.ਪੀ. ਸ਼ਸ਼ੀ ਕਾਂਤ ਦੀ ਨਸ਼ਾ ਤਸਕਰੀ ਬਾਰੇ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕਰ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿੱਚ ਗੁਰਪ੍ਰੀਤ ਸਿੰਘ ਕਿਸ਼ਨਪੁਰਾ, ਜੰਗੀਰ ਸਿੰਘ, ਲਖਵੀਰ ਸਿੰਘ, ਅਮਨਦੀਪ ਸਿੰਘ, ਹਰਵੀਰ ਸਿੰਘ, ਗੁਰਪ੍ਰੀਤ ਅਹਿਲ, ਗੁਰਾਂਦਿੱਤਾ, ਬਲਜਿੰਦਰ ਮੌੜ ਅਤੇ ਸੱਤਪਾਲ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਵਿਰੋਧ ਤੋਂ ਬਾਅਦ ਪੁਲੀਸ ਨੇ ਰੈਲੀ ਵੱਲ ਨੂੰ ਆਉਂਦੇ ਸਾਰੇ ਰਸਤਿਆਂ ਉੱਪਰ ਵਿਸ਼ੇਸ਼ ਬਲ ਤਾਇਨਾਤ ਕੀਤੇ।