ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਰਾਮਦਾਸ ‘ਚ ਮੰਗਲਵਾਰ ਸਵੇਰੇ ਹੋਏ ਇਕ ਭਿਆਨਕ ਸੜਕ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 4 ਬੱਚੇ, 3 ਔਰਤਾਂ ਅਤੇ 3 ਨੌਜਵਾਨ ਸ਼ਾਮਲ ਹਨ। ਇਹ ਹਾਦਸਾ ਸਵੇਰੇ ਉਸ ਸਮੇਂ ਹੋਇਆ ਜਦੋਂ ਇਹ ਪਰਿਵਾਰ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਲਈ ਰਾਮਦਾਸ ਦੇ ਪਿੰਡ ਨਵੀਂ ਆਬਾਦੀ ਤੋਂ ਫਿਰੋਜ਼ਪੁਰ ਜਾ ਰਿਹਾ ਸੀ। ਇਹ ਲੋਕ ਆਪਣੀ ਗੱਡੀ ‘ਚ ਸਵਾਰ ਹੋ ਕੇ ਪੁੱਲ ਰਾਹੀਂ ਜਾ ਰਹੇ ਸਨ, ਧੁੰਦ ਹੋਣ ਦੇ ਕਾਰਨ ਕਾਰ ਦਾ ਸਤੁੰਲਨ ਵਿਗੜ ਗਿਆ ਅਤੇ ਕਾਰ ਪੁੱਲ ਤੋਂ ਹੇਠਾਂ ਇਕ ਗੰਦੇ ਨਾਲੇ ‘ਚ ਡਿੱਗ ਗਈ।
ਹਾਦਸੇ ‘ਚ ਕਾਰ ‘ਚ ਸਵਾਰ ਇਕ ਹੀ ਪਰਿਵਾਰ ਦੇ 9 ਲੋਕਾਂ ਸਮੇਤ 10 ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ ਕਾਰ ਦਾ ਦਾ ਡਰਾਈਵਰ ਵੀ ਸ਼ਾਮਲ ਹੈ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਕਾਰ ਉਲਟੀ ਹੋ ਕੇ ਹੇਠਾਂ ਡਿੱਗ ਗਈ ਜਿਸ ਕਾਰਨ ਲੋਕ ਕਾਰ ‘ਚੋ ਬਾਹਰ ਨਹੀਂ ਨਿਕਲ ਸਕੇ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਲੋਕ ਮੰਗਲਵਾਰ ਸਵੇਰ ਨੂੰ ਰਾਮਦਾਸ ਰੇਲਵੇ ਸਟੇਸ਼ਨ ਨੂੰ ਜਾ ਰਹੇ ਸਨ, ਜਿਥੋਂ ਉਨ੍ਹਾਂ ਨੇ ਫਿਰੋਜ਼ਪੁਰ ਲਈ ਰਵਾਨਾ ਹੋਣਾ ਸੀ ਪਰ ਰਸਤੇ ‘ਚ ਹੀ ਇਹ ਹਾਦਸਾ ਹੋ ਗਿਆ।
ਪੁਲਸ ਨੇ ਦੱਸਿਆ ਕਿ ਮ੍ਰਿਤਕ ਲੋਕਾਂ ਦੀ ਪਛਾਣ ਹੋ ਗਈ ਹੈ। ਮਰਨ ਵਾਲੇ ਸਾਰੇ ਵਿਅਕਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ। ਲਾਸ਼ਾਂ ਨੂੰ ਗੱਡੀ ‘ਚੋ ਬਾਹਰ ਕੱਢ ਲਿਆ ਗਿਆ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਨਾਲ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਜੇਕਰ ਉਸ ਪੁੱਲ ਦਾ ਕਿਨਾਰਾ ਬਣਿਆ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ।