ਅਜੀਤਗੜ੍ਹ, 3 ਦਸੰਬਰ (ਕੇ. ਐੱਸ. ਰਾਣਾ)-ਦੇਸ਼ ਦੀਆਂ ਵੱਖ-ਵੱਖ ਜ਼ੇਲ੍ਹਾਂ ‘ਚ ਸਜ਼ਾਵਾਂ ਭੁਗਤ ਚੁੱਕੇ ਬੰਦ ਕੈਦੀ ਸਿੰਘਾਂ ਦੀ ਰਿਹਾਈ ਲਈ ਹਰਿਆਣਾ ਦੇ ਵਸਨੀਕ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਅੱਜ 20ਵੇਂ ਦਿਨ ਭੁੱਖ ਹੜਤਾਲੀ ਕੈਂਪ ਵਿਚ ਦੇਰ ਸ਼ਾਮ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਐਸ. ਐਸ. ਪੀ ਅਜੀਤਗੜ੍ਹ ਇੰਦਰ ਮੋਹਨ ਸਿੰਘ ਅਤੇ ਐਸ. ਡੀ. ਐਮ. ਲਖਮੀਰ ਸਿੰਘ ਨੇ ਖਾਲਸਾ ਨਾਲ ਗੱਲਬਾਤ ਕੀਤੀ |
ਡੀ.ਸੀ. ਨਾਲ ਕੀਤੀ ਗੱਲਬਾਤ ਦੌਰਾਨ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਭੁੱਖ ਹੜਤਾਲ ਦਾ ਮਕਸਦ ਸਜ਼ਾਵਾਂ ਕੱਟ ਚੁੱਕੇ ਜੇਲ੍ਹਾਂ ਵਿਚ ਸਿੰਘਾਂ ਦੀ ਰਿਹਾਈ ਕਰਾਉਣਾ ਹੈ, ਜਿਸ ਸਬੰਧੀ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥ ਪ੍ਰੇਮੀਆਂ ਦਾ ਪੂਰਨ ਸਹਿਯੋਗ ਹੈ | ਡਿਪਟੀ ਕਮਿਸ਼ਨਰ ਨੇ ਗੁਰਬਖਸ਼ ਸਿੰਘ ਨੂੰ ਕਿਹਾ ਕਿ ਉਹ ਜਿਥੇ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਪੰਜਾਬ ਸਰਕਾਰ ਤੱਕ ਪਹੰੁਚ ਕਰਨਗੇ, ਉਥੇ ਉਨ੍ਹਾਂ ਦੀ ਸਿਹਤਯਾਬੀ ਲਈ ਵੀ ਚਿੰਤਤ ਹਨ |
ਭਾਈ ਗੁਰਬਖਸ਼ ਸਿੰਘ ਨੇ ਡੀ. ਸੀ. ਨੂੰ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਉਨ੍ਹਾਂ ਸਮੇਤ ਪੰਜ ਮੈਂਬਰੀ ਕਮੇਟੀ ਡੀ. ਸੀ. ਨੂੰ ਲਿਖਤੀ ਰੂਪ ‘ਚ ਆਪਣੀਆਂ ਮੰਗਾਂ ਦੇਵੇਗੀ |