ਚੰਡੀਗੜ੍ਹ, 9 ਦਸੰਬਰ (ਗਗਨਦੀਪ ਸੋਹਲ, ਮੇਜਰ ਸਿੰਘ): 6 ਸਿੱਖਾਂ ਦੀ ਰਿਹਾਈ ਲਈ ਬੀਤੇ 3 ਹਫਤਿਆਂ ਤੋਂ ਵੱਧ ਸਮੇਂ ਤੋਂ ਮਰਨ ਵਰਤ ਤੇ ਬੈਠੇ ਤੇ ਇਸ ਵੇਲੇ ਰੋਪੜ ਜੇਲ੍ਹ ਚ ਬੈਠੇ ਭਾਈ ਗੁਰਬਖਸ਼ ਸਿੰਘ ਦੀ ਹਾਲਤ ਅੱਜ ਅਚਾਨਕ ਕਾਫੀ ਵਿਗੜ ਗਈ। ਇਸ ਕਾਰਨ ਉਨ੍ਹਾਂ ਨੂੰ ਆਪ ਹੀ ਜ਼ਮਾਨਤ ਦੇ ਕੇ ਪੀ. ਜੀ. ਆਈ. ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਨੂੰ ਅੱਜ ਰੋਪੜ ਜੇਲ੍ਹ ਤੋਂ ਪੀਜੀਆਈ ਦਾਖਲ ਕਰਵਾਇਆ ਹੈ, ਜਿਥੇ ਉਹ ਐਮਰਜੈਂਸੀ ਵਾਰਡ ਚ ਦਾਖਲ ਹਨ। ਚੀਮਾ ਅਨੁਸਾਰ ਭਾਈ ਗੁਰਬਖਸ਼ ਸਿੰਘ ਤੇ ਸਿਖ ਜਥੇਬੰਦੀਆਂ ਨੂੰ ਪੁਲਿਸ ਵਲੋਂ ਇਹ ਖਬਰ ਮਿਲੀ ਕਿ ਭਾਈ ਗੁਰਬਖਸ਼ ਸਿੰਘ ਨੂੰ ਜ਼ਮਾਨਤ ਦੇ ਦਿਤੀ ਗਈ ਹੈ ਤੇ ਤੁਸੀਂ ਉਨ੍ਰਾਂ ਨੂੰ ਲੈ ਜਾਓ। ਇਸ ਤੇ ਜਦੋਂ ਭਾਈ ਗੁਰਬਖਸ਼ ਸਿੰਘ ਦੇ ਪਿਤਾ, ਪੁੱਤਰ ਤੇ ਕੁਝ ਹੋਰ ਜਥੇਬੰਦੀਆਂ ਜੇਲ੍ਹ ਪੁੱਜੀਆਂ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਪੀਜੀਆਈ ਭੇਜਿਆ ਗਿਆ ਹੈ। ਚੀਮਾ ਨੇ ਦੱਸਿਆ ਕਿ ਜਦੋਂ ਉਹ ਪੀਜੀਆਈ ਪੁੱਜੇ ਤਾਂ ਪੁਲਿਸ ਵਾਲਿਆਂ ਵਲੋਂ ਭਾਈ ਗੁਰਬਖਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੁੰ ਉਨ੍ਹਾਂ ਦੀ ਕਸਟਡੀ ਲੈਣ ਲਈ ਆਖਿਆ ਗਿਆ ਜਿਸ ਤੋਂ ਪਰਿਵਾਰਕ ਮੈਂਬਰਾਂ ਨੇ ਇਹ ਕਹਿੰਦਿਆਂ ਇਨਕਾਰ ਕਰ ਦਿਤਾ ਕਿ ਪਹਿਲਾਂ ਇਹ ਦੱਸੋ ਕਿ ਭਾਈ ਗੁਰਬਖਸ਼ ਸਿੰਘ ਨੂੰ ਹੋਇਆ ਕੀ ਹੈ।
ਭਾਈ ਗੁਰਬਖਸ਼ ਸਿੰਘ ਦੇ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਜ਼ਮਾਨਤ ਦਾਇਰ ਨਹੀਂ ਕੀਤੀ ਗਈ ਸੀ, ਫਿਰ ਜ਼ਮਾਨਤ ਕਿਸ ਤਰ੍ਹਾਂ ਦੇ ਦਿਤੀ ਗਈ। ਚੀਮਾ ਨੇ ਦੋਸ਼ ਲਾਇਆ ਹੈ ਕਿ ਭਾਈ ਗੁਰਬਖਸ਼ ਸਿੰਘ ਦੀ ਹਾਲਤ ਵਿਗੜਨ ਕਾਰਨ ਹੀ ਉਨ੍ਹਾਂ ਨੂੰ ਜਬਰੀ ਜ਼ਮਾਨਤ ਦੇ ਕੇ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਦੇ ਪੀਜੀਆਈ ਵਿਚਲੇ ਸੂਤਰਾਂ ਅਨੁਸਾਰ ਗੁਰਬਖਸ਼ ਸਿੰਘ ਦੀ ਹਾਲਤ ਗੰਭੀਰ ਹੈ ਤੇ ਡਾਕਟਰ ਉਨ੍ਹਾਂ ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੇ ਕਈ ਤਰ੍ਹਾਂ ਦੇ ਟੈਸਟ ਕੀਤੇ ਗਏ ਹਨ ਤੇ ਅਜੇ ਰਿਪੋਰਟਾਂ ਦਾ ਇੰਤਜ਼ਾਰ ਹੈ। ਲਗਾਤਾਰ 3 ਹਫਤਿਆਂ ਤੋਂ ਅਨਾਜ ਨਾ ਖਾਣ ਕਾਰਨ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਬਾਬੂਸ਼ਾਹੀ ਦੇ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਭਾਈ ਗੁਰਬਖਸ਼ ਸਿੰਘ ਖਿਲਾਫ ਦਾਇਰ 7 51 ਦਾ ਕੇਸ ਰੱਦ ਕਰਨ ਦਾ ਇਰਾਦਾ ਬਣਾ ਲਿਆ ਗਿਆ ਹੈ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਉਹ ਕਸਟਡੀ ਚ ਹੀ ਨਹੀਂ ਸਨ।ਹਿੰਦੋਸਤਾਨ ਦੀਆਂ ਜੇਲ੍ਹਾਂ ‘ਚ ਲੰਮੇ ਸਮੇਂ ਤੋਂ ਨਜਰਬੰਦ ਉਹ ਨੋਜਵਾਨ ਸਿੱਖ ਜਿਨ੍ਹਾਂ ਦੀਆਂ ਸਜਾਵਾਂ ਪੁਰੀਆਂ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਹੋਈ । ਉਨ੍ਹਾਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖਾਲਸਾ ਹਰਿਆਣਾ ਨੇ 14ਨਵੰਬਰ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਵਿਖੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਬਾਹਰ ਮੈਦਾਨ ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ। ਭਾਈ ਗੁਰਬਖਸ਼ ਸਿੰਘ ਵਲੋਂ ਸ਼ਰੂ ਕੀਤੀ ਇਹ ਭੁੱਖ ਹੜਤਾਲ ਅੱਜ 26ਵੇਂ ਦਿਨ ਵਿਚ ਪੰਹੁਚ ਗਈ ਹੈ ਅਤੇ ਗੁਂ ਅੰਬ ਸਾਹਿਬ ਵਿਖੇ ਭਾਈ ਦਮਨਦੀਪ ਸਿੰਘ ਦੀ ਭੁੱਖ ਹੜਤਾਲ ਚੌਥੇ ਦਿਨ ਵਿਚ ਪਹੁੰਚ ਗਈ ਹੈ। ਜਿਨ੍ਹਾਂ ਨੂੰ ਇਸ ਵਕਤ ਰੋਪੜ ਜੇਲ੍ਹ ਪ੍ਰਸ਼ਾਸ਼ਨ ਨੇ ਪੀਜੀਆਈ ਦਾਖਿਲ ਕਰਵਾਇਆ ਹੈ । ਭਾਈ ਖਾਲਸਾ ਦੀ ਭੁੱਖ ਹੜਤਾਲ ਤੁੜਵਾਉੱਣ ਲਈ ਪੰਜਾਬ ਸਰਕਾਰ ਦੇ ਹੁੱਕਮ ਤੇ ਸਥਾਨਿਕ ਪ੍ਰਸ਼ਾਸ਼ਨ ਪੁਲਸ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਬੀਤੀ 5-6 ਦੀ ਅੱਧੀ ਰਾਤ ਨੂੰ ਭੇਖੀ ਸਿੱਖ ਸੰਗਤ ਦੇ ਰੂਪ ਵਿਚ ਆਕੇ ਜਬਰੀ ਚੁੱਕ ਕੇ ਲੈ ਗਈ ਸੀ। ਜਿਨ੍ਹਾਂ ਨੂੰ ਪਹਿਲਾਂ ਭਾਰੀ ਪੁਲਸ ਸੁਰਖਿਆ ਪ੍ਰਬੰਧਾਂ ਦੇ ਹੇਠ ਪਹਿਲਾਂ ਸਥਾਨਿਕ ਸਿਵਲ ਹਸਪਤਾਲ ਫੇਜ਼ 6 ਵਿਖੇ ਦਾਖਿਲ ਕਰਵਾਇਆ ਅਤੇ ਫਿਰ ਚੁੱਕ ਕੇ ਰੋਪੜ੍ਹ ਜੇਲ੍ਹ ਵਿਚ ਲੈ ਗਏ ਪਰ ਸਰਕਾਰ ਫਿਰ ਵੀ ਉਨ੍ਹਾਂ ਦੀ ਭੁੱਖ ਹੜਤਾਲ ਨਹੀਂ ਤੁੜਵਾ ਸਕੀ। ਭਾਈ ਖਾਲਸਾ ਸਰੀਰਕ ਤੋਰ ਤੇ ਭਾਵੇਂ ਕਮਜੋਰ ਪੈ ਗਏ ਹਨ ਪਰ ਉਨ੍ਹਾਂ ਦੀ ਦ੍ਰਿੜਤਾ ਅੱਜ ਵੀ ਕਾਇਮ ਹੈ।
ਭਾਈ ਗੁਰਬਖਸ਼ ਸਿੰ ਘ ਦੇ ਵਕੀਲ ਅਮਰ ਸਿੰਘ ਚਾਹਲ ਨੇ ਦਸਿਆ ਕਿ ਪੁਲਸ ਵਲੋ ਭਾਈ ਖਾਲਸਾ ਉਪਰ ਪਾਇਆ ਕੇਸ ਪੂਰੀ ਤਰਾਂ ਨਿਰਅਧਾਰ ਸੀ ਕਿਉਂ ਕਿ ਭਾਈ ਸਾਹਿਬ ਨੂੰ ਭੁੱਖ ਹੜਤਾਲ ਤੋਂ ਜਬਰੀ ਚੁਕਿਆ ਗਿਆ ਸੀ ਅਤੇ ਜਦੋਂ ਉਨ੍ਹਾਂ ਵਲੋਂ ਇਸ ਕੇਸ ਨੂੰ ਅਰਜੀ ਰਾਹੀਂ ਨਕਾਰਿਆ ਗਿਆ ਤਾਂ ਪੁਲਸ ਨੇ ਆਪਣਾ ਬਚਾਅ ਕਰਦਿਆਂ ਭਾਈ ਖਾਲਸਾ ਦਾ ਕੇਸ ਵਾਪਿਸ ਲੈਣ ਦਾ ਕਹਿੰਦਿਆਂ ਉਨ੍ਹਾਂ ਨੂੰ ਪੀਜੀਆਈ ਦਾਖਲ ਕਰਵਾ ਦਿਤਾ । ਜੋ ਕਿ ਅਜੇ ਵੀ ਪੁਲਸ ਦੀ ਨਿਗਰਾਨੀ ਹੇਠ ਹਨ। ਉਨ੍ਹਾ ਕਿਹਾ ਕਿ ਪ੍ਰਸ਼ਾਸ਼ਨ ਜਾਨਬੁਝ ਕੇ ਖਜਲ ਖੁਆਰ ਕਰਨ ਰਿਹਾ ਹੈ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰ ਰਿਹੈ ਹੈ। ਭਾਈ ਖਾਲਸਾ ਦੇ ਪਿਤਾ ਜੱਥੇਦਾਰ ਅਜੀਤ ਸਿਘ ਅਤੇ ਭਾਈ ਖਾਲਸਾ ਦੇ ਬੇਟੇ ਨੇ ਪਤੱਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਜੇ ਕਰ ਉਨ੍ਹਾਂ ਦੇ ਪਿਤਾ ਨੂੰ ਕੁੱਝ ਹੋ ਗਿਆ ਤਾਂ ਇਸਦੀ ਜਿੰਮੇਂਵਾਰ ਪੰਜਾਬ ਸਰਕਾਰ ਅਤੇ ਸਬੰਧਤ ਪ੍ਰਸ਼ਾਸ਼ਨ ਦੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਪਿਲਸ ਉਨ੍ਹਾਂ ਦੇ ਪਿਤਾ ਭਾਈ ਖਾਲਸਾ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਰਲੀਜ ਫਾਰਮ ਤੇ ਦਸਤਖਤ ਕਰਨ ਲਈ ਦਬਾਓ ਪਾ ਰਹੀ ਹੈ । ਭਾਈ ਗੁਰਬਖਸ਼ ਸਿੰਘ ਸਿਹਤ ਪਖੋਂ ਕਮਜੋਰ ਹੋਣ ਦੇ ਬਾਵਜੂਦ ਦ੍ਰਿੜ ਇਰਾਦੇ ਵਾਲੇ ਹਨ ਜਿਨ੍ਹਾਂ ਅੱਜ ਤਕ ਭੁੱਖ ਹੜਤਾਲ ਕਾਇਮ ਰੱਖੀ ਹੈ, ਜਿਸਤੋਂ ਜੇਲ੍ਹ ਪ੍ਰਸ਼ਾਸ਼ਨ ਵੀ ਹੈਰਾਨ ਹੈ। ਜਿਨ੍ਹਾਂ ਨੂੰ ਸਮੂਚ ਘੱਟ ਗਿਣਤੀਆਂ ਅਤੇ ਪੰਥਕ ਸਿੱਖ ਜੱਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਭਾਈ ਖਲਸਾ ਦੇ ਪੀਜੀਆਈ ਵਿਚ ਹੋਣ ਦਾ ਪਤਾ ਲਗਣ ਤੇ ਮਿਲਣ ਵਾਲਿਆਂ ਦਾ ਤਾਂਤਾ ਲਗ ਗਿਆ ਹੈ । ਸੰਤ ਸਮਾਜ ਦੇ ਸਕੱਤਰ ਜਨਰਲ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਅਤੇ ਜਨਰਲ ਸਕੱਤਰ ਬਾਬਾ ਲਖਬੀਰ ਸਿੰਘ ਰਤਵਾੜੇ ਵਾਲਿਆਂ ਵੀ ਪੀਜੀਆਈ ਪੰਹੁਚ ਕੇ ਭਾਈ ਖਾਲਸਾ ਨੂੰ ਸਿਰੋਪਾਓ ਭੇਂਟ ਕੀਤਾ।
ਇਸ ਮੌਕੇ ਹਰਪਾਲ ਸਿੰਘ ਚੀਮਾ, ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ, ਗੁਰਨਾਮ ਸਿੰਘ ਸਿੱਧੂ, ਹਰਮੋਹਿੰਦਰ ਸਿੰਘ ਢਿਲੋਂ, ਜਸਵਿੰਦਰ ਸਿੰਘ ਬਰਾੜ, ਸਤਨਾਮ ਸਿੰਘ ਪਾਂਉਟਾ ਸਾਹਿਬ , ਆਰ ਪੀ ਸਿੰਘ ,ਐਚ ਪੀ ਸਿੰਘ, ਭਾਈ ਭੁਪਿੰਦਰ ਸਿੰਘ ਖਾਲਸਾ,ਭਾਈ ਕਮਿਕਰ ਸਿੰਘ, ਮਨਜੀਤ ਸਿੰਘ ਲਵਲੀ ,ਬੀਬੀ ਕੁਲਬੀਰ ਕੌਰ ਧਾਮੀ,ਬੀਬੀ ਕਸ਼ਮੀਰ ਕੌਰ ਅਤੇ ਬੀਬੀ ਮਨਜੀਤ ਕੌਰ ਅੰਮ੍ਰਿਤਸਰ ਵਾਲੇ ਮੋਜੂਦ ਸਨ।