ਭਾਈ ਗੁਰਬਖ਼ਸ਼ ਸਿੰਘ ਦੇ ਸ਼ਾਂਤਮਈ ਅੰਦੋਲਨ ਨਾਲ ਕੁੱਝ ਗੱਲਾਂ ਸਪੱਸ਼ਟ ਤੌਰ ’ਤੇ ਉੱਭਰ ਕੇ ਸਾਹਮਣੇ ਆਈਆਂ ਹਨ ਜਿਨ੍ਹਾਂ ਨਾਲ ਰਵਾਇਤੀ ਅਕਾਲੀ ਲੀਡਰਸ਼ਿਪ, ਖ਼ੁਫ਼ੀਆ ਏਜੰਸੀਆਂ ਅਤੇ ਆਮ ਲੋਕ ਕਾਫ਼ੀ ਹੈਰਾਨ ਹਨ। ਇਹੋ ਗੱਲਾਂ ਹੀ ਗੁਰਬਖ਼ਸ਼ ਸਿੰਘ ਦੀ ਕਾਮਯਾਬੀ ਹੋ ਨਿਬੜੀਆਂ ਹਨ।
1. ਭਾਈ ਗੁਰਬਖ਼ਸ਼ ਸਿੰਘ ਦੇ ਦੁਆਲੇ ਉਨ੍ਹਾਂ ਨੂੰ ਘੇਰੀ ਬੈਠੀ ਜੁੰਡਲੀ ਨੇ ਆਪਣਾ ਆਪ ਪੰਜਾਬ ਸਰਕਾਰ ਅੱਗੇ ਢੇਰੀ ਕਰ ਦਿਤਾ, ਪਰ ਗੁਰਬਖ਼ਸ਼ ਸਿੰਘ ਨੇ ਸਮਝੌਤਾ ਨਹੀਂ ਕੀਤਾ। ਇਸ ਲਈ ਖਫ਼ਾ ਹੋਈ ਜੁੰਡਲੀ ਨੇ ਕਈ ਤਰਾਂ ਦੀਆਂ ਅਫ਼ਵਾਹਾਂ ਵੀ ਫੈਲਾਣੀਆਂ ਸ਼ੁਰੂ ਕਰ ਦਿਤੀਆਂ ਕਿ ਗੁਰਬਖ਼ਸ਼ ਸਿੰਘ ਹੁਣ ਹੋਰ ਭੁੱਖ ਨਹੀਂ ਕੱਟ ਸਕਦਾ। ਪਰ ਇਹ ਅਫ਼ਵਾਹਾਂ ਨੇ ਕੋਈ ਅਸਰ ਨਾ ਕੀਤਾ, ਅਤੇ ਜੁੰਡਲੀ ਹੱਥ ਪੈਰ ਮਲਦੀ ਰਹਿ ਗਈ।
2. ਰਵਾਇਤੀ ਅਕਾਲੀ ਲੀਡਰਸ਼ਿਪ ਅਤੇ ਬਾਦਲ ਦਲ ਦੇ ਗਲ਼ੇ ’ਚ ਪਏ ਸ਼ਾਂਤਮਈ ਫੱਟੇ ਨੂੰ ਗੁਰਬਖ਼ਸ਼ ਸਿੰਘ ਦੇ ‘ਜਬਰ ਦਾ ਮੁਕਾਬਲਾ ਸਬਰ ਨਾਲ’ ਨਾਅਰੇ ਨੇ ਖੁੱਡੇ ਲਾਈਨ ਲਾ ਦਿਤਾ।
3. ਸਭ ਤੋਂ ਅਹਿਮ ਗੱਲ ਇਹ ਕਿ ਭਾਈ ਗੁਰਬਖ਼ਸ਼ ਸਿੰਘ ਬਹੁਤਾ ਪੜ੍ਹਿਆ ਲਿਖਿਆ ਨਾ ਹੋਣ ਕਾਰਨ ਸਿੱਧੀ ਗੱਲ ਕਰ ਰਿਹਾ ਹੈ ਅਤੇ ਕਿਸੇ ਤਰਾਂ ਦੀਆਂ ਸਿਆਸੀ ਚਾਲਾਂ ਵਿਚ ਨਹੀਂ ਆ ਰਿਹਾ। ਦੁਨੀਆ ਦੀਆਂ ਵੱਡੀਆਂ ਲਹਿਰਾਂ ਦੀ ਕਾਮਯਾਬੀ ਨਾਲ ਅਗਵਾਈ ਕਰਨ ਵਾਲੇ ਬਹੁਤੇ ਆਗੂ ਗੁਰਬਖ਼ਸ਼ ਸਿੰਘ ਵਰਗੇ ਹੀ ਹੋਏ ਹਨ, ਜਿਨ੍ਹਾਂ ’ਚ ਸਿਆਸੀ ਸੂਝ ਦੀ ਥਾਂਵੇਂ ਦ੍ਰਿੜਤਾ ਅਤੇ ਸੱਚਾਈ ਦੀ ਮਾਤਰਾ ਵਧੇਰੇ ਹੁੰਦੀ ਹੈ।
4. ਇਨ੍ਹਾਂ ਕਾਰਨਾਂ ਦੇ ਵੱਸ ਹੀ ਕਥਿਤ ‘ਸੰਤ ਸਮਾਜ’ ਅਤੇ ਬਾਕੀ ਦੀਆਂ ਸਿੱਖ ਮਸਲਿਆਂ ’ਤੇ ਅਖ਼ਬਾਰੀ ਬਿਆਨਬਾਜ਼ੀਆਂ ਤੱਕ ਸੀਮਤ ਰਹਿਣ ਵਾਲੀਆਂ ਜਥੇਬੰਦੀਆਂ ਦਾ ਪੱਤਾ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ।