ਸਾਹਿਬਜ਼ਾਦਾ ਅਜੀਤ ਸਿੰਘ ਨਗਰ – 8ਦਸੰਬਰ (ਮੇਜਰ ਸਿੰਘ):-ਹਿੰਦੋਸਤਾਨ ਦੀਆਂ ਵੱਖ – ਵੱਖ ਜੇਲ੍ਹਾਂ ਵਿਚ ਲੰਮੇਂ ਸਮੇਂ ਤੋਂ ਨਜਰਬੰਦ ਸਿੱਖ ਨੋਜਵਾਨਾਂ ਦੀ ਰਿਹਾਈ ਲਈ ਗੁ. ਅੰਬ ਸਾਹਿਬ ਵਿਖੇ ਲੜੀਵਾਰ ਭੁੱਖ ਹੜਤਾਲ ਜਾਰੀ ਹੈ ਅਤੇ ਭਾਈ ਦਮਨਦੀਪ ਸਿੰਘ ਦੀ ਭੁੱਖ ਹੜਤਾਲ ਤੀਜੇ ਦਿਨ ਵਿਚ ਹਾਜ਼ਰ ਹੋ ਗਈ ਹੈ। ਇਸ ਮੁੰਹਿਮ ਨੂੰ ਸ਼ੁਰੂ ਕਰਨ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਇਸ ਸਮੇਂ ਰੋਪੜ ਜੇਲ੍ਹ ਵਿਚ ਬੰਦ ਹਨ ।
ਜਿਨ੍ਹਾਂ ਨੂੰ ਮਿਲਣ ਲਈ ਸੀਨੀਅਰ ਐਡਵੋਕੇਟ ਅਮਰ ਸਿੰਘ ਚਹਿਲ ,ਐਡਵੋਕੇਟ ਤੇਜਿੰਦਰ ਸਿੰਘ ਸੂਦਨ ,ਐਡਵੋਕੇਟ ਯਾਦਵਿੰਦਰ ਸਿੰਘ ਸਮੇਤ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਪਿਤਾ ਜੱਥੇਦਾਰ ਅਜੀਤ ਸਿੰਘ ਗਏ ਸਨ ਪਰ ਉਥੇ ਤੈਨਾਤ ਮੁਲਾਕਾਤੀ ਜੇਲ੍ਹ ਅਧਿਕਾਰੀਆਂ ਨੇ ਮਿਲਣ ਨਹੀਂ ਦਿਤਾ । ਇਸ ਵਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਰ ਸਿੰਘ ਚਹਿਲ ਨੇ ਕਿਹਾ ਕਿ ਵਕੀਲ ਨੂੰ ਉਸਦੇ ਸੈਲ ਨੂੰ ਨਾ ਮਿਲਣ ਦੇਣਾ ਕਨੂੰਨ ਦੇ ਖਿਲਾਫ਼ ਹੈ।
ਉਨ੍ਹਾਂ ਦਸਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲਣ ਲਈ ਸਾਡੇ ਤਿੰਨ ਵਕੀਲਾਂ ਦੇ ਦੋ ਘੰਟੇ ਦੇ ਹਿਸਾਬ ਨਾਲ ਕੁੱਲ ਛੇ ਘੰਟੇ ਖਰਾਬ ਕੀਤੇ ਜੋ ਕਿ ਸ਼ਰੇਆਮ ਕਨੂੰਨ ਦੀ ਉਲੰਘਣਾ ਹੈ। ਐਡਵੋਕੇਟ ਤੇਜਿੰਦਰ ਸਿੰਘ ਸੂਦਨ ਨੇ ਕਿਹਾ ਕਿ ਉਨ੍ਹਾਂ ਵਲੋਂ ਇਕ ਅਰਜੀ ਵੀ ਲਿਖੀ ਗਈ ਪਰ ਉਹ ਅਰਜੀ ਮੇਜ਼ ਤੇ ਪਈ ਰਹੀ ਅਤੇ ਸਾਡੇ ਅੜੇ ਰਹਿਣ ਤੇ ਉੱਥੇ ਮੋਜੂਦ ਅਧਿਕਾਰੀ ਅਰਜੀ ਲੈ ਕੇ ਚਲਾ ਤਾਂ ਗਿਆ ਪਰ ਮੁੜ ਵਾਪਸ ਨਹੀਂ ਆਇਆ।