ਚੰਡੀਗੜ੍ਹ, 3 ਮਾਰਚ : ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਕਮੇਡੀਅਨ ਭਗਵੰਤ ਮਾਨ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਭਲਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ‘ਆਪ’ ਭਗਵੰਤ ਮਾਨ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਸਕਦੀ ਹੈ। ਭਗਵੰਤ ਮਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੁਢਲੇ ਮੈਂਬਰਾਂ ’ਚੋਂ ਸਨ ਅਤੇ ਉਹ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਕਾਫ਼ੀ ਕਰੀਬੀ ਮੰਨੇ ਜਾਂਦੇ ਸਨ। ਉਨ੍ਹਾਂ ਦੇ ਪਾਰਟੀ ਤੋਂ ਅਲਹਿਦਾ ਹੋਣ ਨਾਲ ਸੁਭਾਵਿਕ ਤੌਰ ’ਤੇ ਮਨਪ੍ਰੀਤ ਬਾਦਲ ਨੂੰ ਵੱਡਾ ਝਟਕਾ ਲੱੱਗਿਆ ਹੈ। ਪਾਰਟੀ ਪ੍ਰਧਾਨ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਭਗਵੰਤ ਮਾਨ ਨੇ ਕਿਹਾ ਹੈ ਕਿ 27 ਮਾਰਚ, 2011 ਨੂੰ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ’ਚ ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਕੀਤੀ ਰੈਲੀ ਦੌਰਾਨ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗਰੀਬੀ, ਨਸ਼ਾ ਖੋਰੀ ਅਤੇ ਰਾਜਨੀਤਕ ਨਿਜ਼ਾਮ ਨੂੰ ਬਦਲਣ ਲਈ ਲੜਾਈ ਵਿੱਢਣ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਮੁੱਦਿਆਂ ਕਾਰਨ ਹੀ ਮਨਪ੍ਰੀਤ ਸਿੰਘ ਬਾਦਲ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਾਰੇ ਸਮੇਂ ਦੌਰਾਨ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕੀਤਾ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਪੀਪੀਪੀ ਨੇ ਲੋਕ ਸਭਾ ਚੋਣਾਂ ’ਚ ਕਾਂਗਰਸ ਨਾਲ ਗੱਠਜੋੜ ਦਾ ਫ਼ੈਸਲਾ ਲਿਆ ਹੈ, ਉਸ ਨਾਲ ਉਹ ਜ਼ਾਤੀ ਤੌਰ ’ਤੇ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਮੀਰ ਦੀ ਆਵਾਜ਼ ਸੁਣ ਕੇ ਹੀ ਪੀਪੀਪੀ ਛੱਡਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ। ਪੀਪੀਪੀ ਵੱਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਾਗਾਗਾ ਹਲਕੇ ਤੋਂ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਭਗਵੰਤ ਮਾਨ ਨੂੰ ਚੋਣ ਲੜਾਈ ਗਈ ਸੀ ਤੇ ਉਨ੍ਹਾਂ ਬੀਬੀ ਭੱਠਲ ਨੂੰ ਸਖ਼ਤ ਟੱਕਰ ਵੀ ਦਿੱਤੀ ਸੀ।