ਚੰਡੀਗੜ 25 ਮਾਰਚ (ਸ਼੍ਰੋਮਣੀ ਗੁਰਮਤਿ ਚੇਤਨਾ) :- ਪੰਜਾਬ ਦੇ ਲੱਗਭੱਗ 118 ਸਿੱਖ ਨੌਜਵਾਨ ਜਿਹੜੇ ਹੁਣ ਬੁਢਾਪੇ ਦੀ ਅਵਸਥਾ ਵੱਲ ਵਧ ਰਹੇ ਹਨ ਅਤੇ ਅਦਾਲਤਾਂ ਵਲੋ ਮਿਲੀਆਂ ਉਮਰ ਕੈਦ ਦੀਆਂ ਸਜਾਵਾਂ ਪੂਰੀਆਂ ਕਰਨ ਉਪਰੰਤ ਵੀ ਰਿਹਾਈ ਨੂੰ ਤਰਸ ਰਹੇ ਹਨ । ਇਹਨਾਂ ਵਿਚੋਂ ਭਾਈ ਦਇਆ ਸਿੰਘ ਲਾਹੌਰੀਆ ਵਰਗੇ ਬਹੁਗਿਣਤੀ ਸਿੱਖ ਬੰਦੀ ਤਾਂ ਅੱਜ ਤੱਕ ਪੈਰੋਲ ਤੇ ਵੀ ਨਹੀ ਆ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੰਘਰਸ਼ ਕਮੇਂਟੀ ਦੇ ਬੁਲਾਰੇ ਅਤੇ ਪੰਥਿਕ ਜਥੇਬੰਦੀਆਂ ਵਲੋਂ ਬਣਾਈ ਗਈ ਸੰਘਰਸ਼ ਕਮੇਟੀ ਦੇ ਆਗੂ ਬਾਬਾ ਮਨਮੋਹਨ ਸਿੰਘ ਬਾਰਨ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਦਾ ਮੁਖ ਮੰਤਰੀ ਅਤੇ ਸਾਰੀਆਂ ਸਿਖ ਸੰਸਥਾਵਾ ਦਾ ਮੁਖੀ ਹੋਣ ਦੇ ਨਾਤੇ ਇੱਕ ਰੋਸ ਪੱਤਰ ਦੇ ਕੇ ਚਿਤਾਵਨੀ ਦਿੱਤੀ ਗਈ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ 31 ਮਾਰਚ ਤੱਕ ਕੋਈ ਪੁਖਤਾ ਕਾਰਵਾਈ ਕੀਤੀ ਜਾਵੇ ਨਹੀ ਤਾਂ ਪੰਥਕ ਜਥੇਬੰਦੀਆਂ 1 ਅਪ੍ਰੈਲ ਤੋਂ ਜੋਰਦਾਰ ਸੰਘਰਸ਼ ਆਰੰਭ ਦੇਣਗੀਆਂ । ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ ਦਿਨੀ ਫਤਹਿਗੜ ਸਾਹਿਬ ਵਿਖੇ ਹੋਈ ਸਿੱਖ ਸੰਘਰਸ਼ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲਿਆਂ ਅਨੁਸਾਰ ਅੱਜ ਇਹ ਰੋਸ ਪੱਤਰ ਦੇ ਕੇ ਬਾਦਲ ਸਾਹਿਬ ਤੇ ਉਹਨਾਂ ਦੀ ਪੰਜਾਬ ਸਰਕਾਰ ਨੂੰ ਫਰਜਾਂ ਦਾ ਚੇਤਾ ਕਰਵਾਇਆ ਹੈ । ਉਹਨਾਂ ਕਿਹਾ ਕਿ 118 ਸਿੱਖ ਕਾਨੂੰਨ ਅਨੁਸਾਰ ਮਿਲੀਆਂ ਸਜਾਵਾਂ ਪੂਰੀਆਂ ਕਰਕੇ ਵੀ ਰਿਹਾਈ ਨਹੀ ਪਾ ਸਕੇ । ਪੰਜਾਬ ਦੇ ਮੁੱਖ ਮੰਤਰੀ ਅਤੇ ਸਿੱਖਾਂ ਦੇ ਆਗੂ ਹੋਣ ਦੇ ਨਾਤੇ ਸ. ਬਾਦਲ ਨੇ ਫਰਜਾਂ ਤੋ ਕੋਤਾਹੀ ਕੀਤੀ ਹੈ । ਜਦੋਂ ਕਿ ਚਾਹੀਦਾ ਇਹ ਸੀ ਕਿ ਜਿਵੇਂ ਸ਼ਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਵਾਸਤੇ ਕੁਮਾਰੀ ਜੈ ਲਲਿਤਾ ਨੇ ਬਤੌਰ ਮੁੱਖ ਮੰਤਰੀ ਆਪਣੇ ਲੋਕਾਂ ਦੀ ਤਰਜ਼ਮਾਨੀ ਕਰਦਿਆਂ ਤਮਿਲਨਾਡੂ ਵਿਧਾਨ ਸਭਾ ਵਿਚ ਮਤਾ ਪਾਇਆ ਹੈ । ਸ. ਬਾਦਲ ਵੀ ਇੰਜ ਹੀ ਪੰਜਾਬ ਵਿਧਾਨ ਸਭਾ ਵਿਚ ਪ੍ਰੋ: ਭੁੱਲਰ, ਜਿਸ ਦੇ ਹੱਕ ਵਿਚ 90 ਲੱਖ ਸਿੱਖ ਦਸਤਖਤ ਕਰੀ ਬੈਠੇ ਹਨ ਅਤੇ ਬੇਅੰਤ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜਾ ਭੁਗਤ ਰਹੇ, ਬੰਦੀ ਸਿੰਘ ਜਿਹੜੇ 20 ਸਾਲ ਪੂਰੇ ਕਰਨ ਵਾਲੇ ਹਨ ਅਤੇ ਜਿਹਨਾਂ ਦੀ ਰਿਹਾਈ ਬਾਰੇ ਬੇਅੰਤ ਸਿੰਘ ਪਰਿਵਾਰ ਵੀ ਕੋਈ ਇਤਰਾਜ਼ ਨਹੀ ਕਰਦਾ, ਇਹਨਾਂ ਸਾਰੇ ਨਜਰਬੰਦਾਂ ਦੀ ਰਿਹਾਈ ਬਾਰੇ ਮਤਾ ਪਾਸ ਕਰਕੇ ਆਪਣੀ ਕੌਮ ਦਾ ਪੱਖ ਪੂਰਦੇ । ਪਰ ਓਹ ਤਾਂ ਇਸ ਮਾਮਲੇ ਵਿਚ ਪੂਰੀ ਤਰਾਂ ਚੁੱਪ ਹੋ ਕੇ ਕੌਮ ਵਿਰੋਧੀਆਂ ਦੀ ਕਤਾਰ ਵਿਚ ਖੜੇ ਨਜਰ ਆ ਰਹੇ ਹਨ । ਬਾਬਾ ਬਾਰਨ ਨੇ ਕਿਹਾ ਇਸ ਦੇ ਮੁਕਾਬਲੇ ਦਿੱਲੀ ਸਿੱਖ ਕਤਲੇਆਮ ਵਿੱਚ 19 ਸਿੱਖਾਂ ਨੂੰ ਕਤਲ ਕਰਨ ਵਾਲਾ ਝਟਕਈ ਕਿਸ਼ੋਰੀ ਲਾਲ ਅਤੇ ਉੜੀਸਾ ਵਿਚ ਇਸਾਈ ਪਾਦਰੀ ਸਟਾਲਨ ਦੀ ਪਤਨੀ ਨਾਲ ਬਲਾਤਕਾਰ ਕਰਨ ਉਪਰੰਤ ਉਸਦੇ ਤਿੰਨ ਬਚਿਆਂ ਅਤੇ ਪਤੀ ਸਮੇਤ ਸਾੜਕੇ ਮਾਰਨ ਵਾਲਾ ਦਾਰਾ ਸਿੰਘ ਫਾਂਸੀ ਦੀਆਂ ਸਜ਼ਾਵਾਂ ਮਾਫ਼ ਕਰਵਾ ਚੁਕੇ ਹਨ ਕਿਉਂਕਿ ਉਹਨਾਂ ਦੀ ਕੌਮ ਅਤੇ ਆਗੂ ਆਪਣੇ ਲੋਕਾਂ ਵਾਸਤੇ ਸੁਚੇਤ ਹਨ ।
ਇਸ ਦੇ ਉਲਟ 90 ਲੱਖ ਸਿੱਖਾਂ ਵਲੋ ਦਸਤਖਤ ਕਰਕੇ ਭਾਰਤ ਦੇ ਰਾਸ਼ਟਰਪਤੀ ਜੀ ਨੂੰ ਦੇਣ ਪਿਛੋਂ ਵੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਰੱਸਾ ਨਹੀ ਨਿਕਲ ਸਕਿਆ । ਸਭ ਤੋਂ ਵਧ ਅਫਸੋਸ ਇਹ ਹੈ ਕਿ ਬਾਦਲ ਦੀ ਸਰਕਾਰ ਨੇ ਪ੍ਰੋ: ਭੁੱਲਰ ਨੂੰ ਖਤਰਨਾਕ ਅੱਤਵਾਦੀ ਆਖਕੇ ਜਿਥੇ ਅਦਾਲਤੀ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ, ਉਥੇ ਪੰਜਾਬ ਦੀ ਜੇਲ ਵਿਚ ਲੈਣ ਤੋਂ ਵੀ ਇਨਕਾਰ ਕੀਤਾ ਹੈ । ਉਹਨਾਂ ਕਿਹਾ ਇੰਜ ਹੀ ਛੇ ਸਿੱਖ ਨਜਰਬੰਦਾਂ (ਭਾਈ ਲਖਵਿੰਦਰ ਸਿੰਘ ਲਖਾ ਨਾਰੰਗਵਾਲ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ (ਬੁੜੈਲ ਜੇਲ), ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ ਨਾਭਾ ਜੇਲ, ਭਾਈ ਵਰਿਆਮ ਸਿੰਘ ਬਰੇਲੀ ਜੇਲ (ਯੂ. ਪੀ.), ਭਾਈ ਗੁਰਦੀਪ ਸਿੰਘ ਖਹਿਰਾ (ਕਰਨਾਟਕ ਜੇਲ) ਦੀ ਰਿਹਾਈ ਵਾਸਤੇ ਗੁਰਦੁਆਰਾ ਅੰਬ ਸਾਹਿਬ ਵਿਚੋਂ ਆਰੰਭ ਹੋਏ ਸੰਘਰਸ਼ ਨੂੰ ਆਪ ਜੀ ਨੇ ਗਿਆਨੀ ਗੁਰਬਚਨ ਸਿੰਘ ਤੇ ਦਬਾਅ ਪਾ ਕੇ ਇਹ ਸੰਘਰਸ਼ ਵੀ ਸਿਰਫ ਪੈਰੋਲ ਰਾਹੀ ਰਿਹਾਈ ਕਰਵਾਕੇ ਅਤੇ ਪੱਕੀ ਰਿਹਾਈ ਦਾ ਭਰੋਸਾ ਦੇ ਕੇ ਖਤਮ ਕਰਵਾ ਦਿੱਤਾ ਹੈ । ਪ੍ਰਿੰਸੀਪਲ ਖਾਲਸਾ ਨੇ ਕਿਹਾ ਕਿ ਸ੍ਰ: ਬਾਦਲ ਨੇ 31 ਮਾਰਚ ਤੱਕ ਸਿੱਖਾਂ ਦੀ ਰਿਹਾਈ ਵਾਸਤੇ ਕੁੱਝ ਨਾ ਕੀਤਾ ਤਾਂ ਫਿਰ ਸਿਖਾਂ ਦੇ ਰੋਹ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੋ ।
ਇਸ ਮੌਕੇ ਰੋਸ ਪੱਤਰ ਦੇਣ ਵਾਲਿਆਂ ਬਾਬਾ ਮਨਮੋਹਨ ਸਿੰਘ ਬਾਰਨ, ਭਾਈ ਜੰਗ ਸਿੰਘ, ਪ੍ਰਿੰ: ਪਰਵਿੰਦਰ ਸਿੰਘ ਖਾਲਸਾ, ਬੀਬੀ ਕਮਲਜੀਤ ਕੌਰ, ਭਾਈ ਰਣਜੀਤ ਸਿੰਘ ਸੰਤੋਖਗੜ, ਸ੍ਰ: ਗੁਰਿੰਦਰਪਾਲ ਸਿੰਘ ਧਨੌਲਾ, ਸ੍ਰ: ਲਖਵੀਰ ਸਿੰਘ ਏਕਨੂਰ ਖਾਲਸਾ ਫੌਜ, ਸ੍ਰ: ਜਸਵਿੰਦਰ ਸਿੰਘ ਸਪੁਤਰ ਵਰਿਆਮ ਸਿੰਘ (ਬਰੇਲੀ ਜੇਲ), ਸ੍ਰ: ਦਲਜੀਤ ਸਿੰਘ ਮਹਾਲਮ, ਸ੍ਰ: ਜਸਬੀਰ ਸਿੰਘ ਕੋਟਲਾ ਵੈਲੀ ਸਮੂਦ, ਸ੍ਰ: ਜਸਮੇਲ ਸਿੰਘ ਅਕਾਲੀ ਦਲ (ਅ), ਸ੍ਰ: ਕੁਲਦੀਪ ਸਿੰਘ, ਸ੍ਰ:ਗੁਰਬਖਸ਼ ਸਿੰਘ, ਸ੍ਰ: ਲਖਵਿੰਦਰ ਸਿੰਘ ਡੇਰਾ ਮੀਰ ਮੀਰਾਂ ਆਦਿ ਹਾਜ਼ਰ ਸਨ ।