ਸੁਨਾਮ ਊਧਮ ਸਿੰਘ ਵਾਲਾ, (ਮੰਗਲਾ) – ਕਈ ਵਾਰ ਆਰਥਿਕ ਤੰਗੀ ਜਾਂ ਮਜਬੂਰੀਆਂ ਆਦਮੀ ਨੂੰ ਜੀਵਨ ਦੀ ਤਰੱਕੀ ਲਈ ਮਿਲੇ ਮੌਕਿਆਂ ਨੂੰ ਇਸਤੇਮਾਲ ਨਹੀਂ ਕਰਨ ਦਿੰਦੀਆਂ। ਅਜਿਹਾ ਹੀ ਕੁਝ ਹੋਇਆ ਬੈਡਮਿੰਟਨ ਦੇ ਵੈਟਰਨ ਖਿਡਾਰੀ ਹੇਮ ਰਾਜ ਵਰਮਾ (59) ਦੇ ਨਾਲ, ਜੋ ਵਰਲਡ ਮਾਸਟਰ ਬੈਡਮਿੰਟਨ ਚੈਂਪੀਅਨਸ਼ਿਪ ਜੋ ਕਿ 9 ਸਤੰਬਰ ਨੂੰ ਤੁਰਕੀ ਵਿਚ ਸ਼ੁਰੂ ਹੋਣੀ ਹੈ, ‘ਚ ਪ੍ਰਵੇਸ਼ ਫੀਸ ਦੇ ਰੂਪ ਵਿਚ 270 ਡਾਲਰ ਦੀ ਰਾਸ਼ੀ ਜਮ੍ਹਾ ਨਹੀਂ ਕਰਵਾ ਸਕਿਆ ਤੇ ਇਸ ਚੈਂਪੀਅਨਸ਼ਿਪ ਵਿਚ ਖੇਡਣ ਦੇ ਮੌਕੇ ਤੋਂ ਵਾਂਝਾ ਹੋ ਗਿਆ।
ਵਰਣਨਯੋਗ ਹੈ ਕਿ ਹੇਮ ਰਾਜ ਵਰਮਾ ਪਹਿਲਾਂ 2011 ਵਿਚ 55 ਸਾਲ ਦੇ ਉਮਰ ਵਰਗ ਵਿਚ ਵਰਲਡ ਮਾਸਟਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਰਤ ਦੀ ਅਗਵਾਈ ਕਰ ਚੁੱਕਾ ਹੈ ਅਤੇ ਉਸਦਾ ਪ੍ਰਦਰਸ਼ਨ ਉਥੇ ਸ਼ਲਾਘਾਯੋਗ ਰਿਹਾ ਅਤੇ ਉਹ ਤੀਜੇ ਰਾਊਂਡ ਤੱਕ ਪਹੁੰਚ ਗਿਆ ਸੀ। ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਉਹ ਸਥਾਨਕ ਐੱਸ. ਯੂ. ਐੱਸ. ਬੈਡਮਿੰਟਨ ਕਲੱਬ ਵਿਚ ਬੱਚਿਆਂ ਨੂੰ ਬੈਡਮਿੰਟਨ ਦੀ ਕੋਚਿੰਗ ਦਿੰਦਾ ਸੀ ਅਤੇ 5 ਹਜ਼ਾਰ ਰੁਪਏ ਕਮਾ ਲੈਂਦਾ ਸੀ ਪਰ ਹੁਣ ਉਥੇ ਵੀ ਦੋ ਮਹੀਨੇ ਤੋਂ ਉਸ ਕੋਲ ਕੰਮ ਨਹੀਂ ਹੈ ਅਤੇ ਆਪਣੇ ਰੋਜ਼ਗਾਰ ਲਈ ਰਿਕਸ਼ਾ ਤੱਕ ਚਲਾਉਣ ਦੇ ਲਈ ਮਜਬੂਰ ਹੈ।
ਵਰਮਾ ਨੇ ਦੱਸਿਆ ਕਿ ਉਸਨੇ 1980 ਵਿਚ ਨੌਜਵਾਨਾਂ ਨੂੰ ਬੈਡਮਿੰਟਨ ਸਿਖਾਉਣਾ ਸ਼ੁਰੂ ਕੀਤਾ। ਉਸ ਵਲੋਂ ਟਰੇਂਡ ਕੀਤੇ ਬਹੁਤ ਖਿਡਾਰੀ ਨੈਸ਼ਨਲ ਤਕ ਖੇਡ ਕੇ ਆਏ ਹਨ ਅਤੇ ਸੂਬੇ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।
ਉਸਨੇ ਦੱਸਿਆ ਕਿ ਸਰਕਾਰ ਨੇ ਕਦੇ ਵੀ ਉਸ ਨੂੰ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ, ਹੁਣ ਉਹ ਆਪਣੇ ਰੋਜ਼ਗਾਰ ਲਈ ਰਿਕਸ਼ਾ ਚਲਾਉਣ ਲਈ ਮਜਬੂਰ ਹੈ ਤੇ ਬੱਚਿਆਂ ਨੂੰ ਬੈਡਮਿੰਟਨ ਸਿਖਾਉਂਦਾ ਹੈ।
Source: Jag Bani