ਰਾਏਕੋਟ : ਵਿਦੇਸ਼ੀ ਧਰਤੀ ਮਨੀਲਾ ਵਿਖੇ ਪੰਜਾਬੀ ਨੌਜਵਾਨਾਂ ਦੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹੀ ਹੀ ਇਕ ਦੁੱਖਦਾਈ ਖ਼ਬਰ ਨੇ ਸਥਾਨਕ ਇਲਾਕੇ ਦੇ ਪਿੰਡ ਭੈਣੀ ਬੜਿੰਗਾ ‘ਚ ਦੁੱਖ ਦੀ ਲਹਿਰ ਪੈਦਾ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਜਵਲ ਭਵਿੱਖ ਅਤੇ ਰੋਜ਼ੀ ਰੋਟੀ ਲਈ ਮਨੀਲਾ ਗਏ ਸਥਾਨਕ ਇਲਾਕੇ ਦੇ ਪਿੰਡ ਭੈਣੀ ਬੜਿੰਗਾ ਦੇ ਇਕ ਨੌਜਵਾਨ ਅਤੇ ਉਸਦੇ ਭਰਾ ਦੇ ਸਾਲੇ ਦੀ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਭੈਣੀ ਬੜਿੰਗਾ ਦੇ ਵਸਨੀਕ ਹਾਕਮ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਭਿੰਦਰ ਸਿੰਘ (53) ਫਿਲਪਾਈ ਦੇ ਤਗਮਾਸਿਟੀ ਸ਼ਹਿਰ ‘ਚ ਆਪਣੀ ਪਤਨੀ ਮਨਜੀਤ ਕੌਰ ਨਾਲ ਰਹਿ ਰਿਹਾ ਸੀ ਅਤੇ ਉਹ ਸੰਤੂਮਾਸ ਸ਼ਹਿਰ ‘ਚ ਫਾਇਨਾਂਸ ਦਾ ਕੰਮ ਕਰਦਾ ਸੀ। ਉਸਦਾ ਭਰਾ ਪਿਛਲ਼ੇ ਸਾਲ ਆਪਣੀ ਬੇਟੀ ਦਾ ਵਿਆਹ ਕਰਨ ਲਈ ਪੰਜਾਬ ਆਇਆ ਸੀ।
ਹਾਕਮ ਸਿੰਘ ਨੇ ਦੱਸਿਆ ਕਿ ਕੱਲ 16 ਨਵੰਬਰ ਨੂੰ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਮਨੀਲਾ ਤੋਂ ਫੋਨ ਕਰਕੇ ਦੱਸਿਆ ਕਿ ਕੱਲ ਜਦੋਂ ਸਵੇਰੇ 6 ਵਜੇ ਦੇ ਕਰੀਬ ਭਿੰਦਰ ਸਿੰਘ ਅਤੇ ਉਸਦੇ ਭਰਾ ਲਖਵਿੰਦਰ ਸਿੰਘ ਦਾ ਰਿਸ਼ਤੇਦਾਰ (ਸਾਲਾ) ਅੰਗਰੇਜ਼ ਸਿੰਘ ਬਿੱਲੂ (45) ਵਾਸੀ ਰੁੜਕਾ ਕਲਾਂ (ਮੁੱਲਾਂਪੁਰ) ਇੱਕੋ ਕਾਰ ‘ਚ ਸਵਾਰ ਹੋ ਕੇ ਆਪਣੀ ਫਾਇਨਾਂਸ ਕੰਪਨੀ ਦੇ ਦਫਤਰ ਵਿਚ ਪਹੁੰਚੇ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਭਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਬਿੱਲੂ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਮ੍ਰਿਤਕ ਅੰਗਰੇਜ਼ ਸਿੰਘ ਬਿੱਲੂ ਅਜੇ 15 ਦਿਨ ਪਹਿਲਾਂ ਹੀ ਪੰਜਾਬ ਤੋਂ ਵਾਪਸ ਫਿਲਪਾਈਨ ਗਿਆ ਸੀ। ਇਨ੍ਹਾਂ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਸੂਚਨਾ ਮਿਲਣ ‘ਤੇ ਸਮੁੱਚੇ ਨਗਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।