ਅੰਮ੍ਰਿਤਸਰ-ਲਾਲ ਕੂੰਆਂ ਐਕਸਪ੍ਰੈਸ ਚਲਣੀ ਸ਼ੁਰੂ
ਅੰਮ੍ਰਿਤਸਰ, 2 ਅਕਤੂਬਰ – ਉਤਰਾਖੰਡ ਸੂਬੇ ਦੇ ਨੈਨੀਤਾਲ ਖੇਤਰ ਵਿਚ ਵਸਦੇ ਪੰਜਾਬੀਆਂ ਨੂੰ ਅੰਮ੍ਰਿਤਸਰ ਨਾਲ ਜੋੜਨ ਲਈ ਪਹਿਲੀ ਵਾਰ ਅੰਮ੍ਰਿਤਸਰ-ਲਾਲ ਕੂੰਆਂ ਏ.ਐਸ. ਐਕਸਪ੍ਰੈਸ ਅੱਜ ਇਥੋਂ ਸ਼ੁਰੂ ਹੋ ਗਈ। ਵਿਧਾਇਕ ਅਤੇ ਕੌਮੀ ਐਸ.ਸੀ./ਐਸ.ਟੀ. ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਹਰੀ ਝੰਡੀ ਵਿਖਾ ਕੇ ਟਰੇਨ ਨੂੰ ਰਵਾਨਾ ਕੀਤਾ। ਲਾਲ ਕੂੰਆਂ ਉਤਰਾਖੰਡ ਦੇ ਝੀਲ ਜ਼ਿਲ੍ਹੇ ਵਜੋਂ ਮਸ਼ਹੂਰ ਨੈਨੀਤਾਲ ਤੋਂ 25 ਕਿਲੋਮੀਟਰ ਦੂਰੀ ’ਤੇ ਸਥਿਤ ਹੈ। 120 ਮੁਸਾਫ਼ਰਾਂ ਨੂੰ ਲੈ ਕੇ ਗਈ ਇਹ ਟਰੇਨ ਚੰਡੀਗੜ੍ਹ ਰਾਹੀਂ ਆਪਣੇ ਟਿਕਾਣੇ ’ਤੇ ਪੁੱਜੇਗੀ।
ਅਠਾਰਾਂ ਡੱਬਿਆਂ ਵਾਲੀ ਇਸ ਟਰੇਨ ਵਿਚ 13 ਏ.ਸੀ ਥਰੀ ਟਾਇਰ ਕੋਚ, ਤਿੰਨ ਏ.ਸੀ. ਚੇਅਰ ਕਾਰ ਅਤੇ ਦੋ ਜਨਰੇਟਰ ਕੋਚ ਹਨ। ਅੰਮ੍ਰਿਤਸਰ ਤੋਂ ਲਾਲ ਕੂੰਆਂ ਤਕ ਏ.ਸੀ. ਥ੍ਰੀ ਟਾਇਰ ਦਾ ਕਰਾਇਆ 850 ਰੁਪਏ ਅਤੇ ਚੇਅਰ ਕਾਰ ਲਈ 680 ਰੁਪਏ ਹੈ। ਹਫ਼ਤਾਵਾਰੀ ਇਹ ਟਰੇਨ ਹਰ ਬੁੱਧਵਾਰ ਸਵੇਰੇ 5 ਵਜ ਕੇ 55 ਮਿੰਟ ’ਤੇ ਚੱਲ ਕੇ ਚੰਡੀਗੜ੍ਹ 12.20 ਮਿੰਟ ’ਤੇ ਪੁੱਜੇਗੀ ਅਤੇ ਰਾਤੀਂ 8 ਵਜ ਕੇ 50 ਮਿੰਟ ’ਤੇ ਲਾਲ ਕੂੰਆਂ ਪੁੱਜੇਗੀ। ਇਹ ਟਰੇਨ ਬਿਆਸ, ਜਲੰਧਰ ਸ਼ਹਿਰ, ਫਗਵਾੜਾ, ਲੁਧਿਆਣਾ, ਨਿਊ ਮੋਰਿੰਡਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਚੰਡੀਗੜ੍ਹ, ਅੰਬਾਲਾ ਕੈਂਟ, ਜਗਾਧਰੀ, ਸਹਾਰਨਪਰ, ਰੁੜਕੀ, ਲਕਸਰ, ਨਜੀਬਾਬਾਦ, ਮੁਰਾਦਾਬਾਦ ਅਤੇ ਕਾਸ਼ੀਪੁਰ ਤੋਂ ਹੁੰਦੀ ਹੋਈ ਇਸੇ ਦਿਨ 8.50 ਮਿੰਟ ’ਤੇ ਲਾਲ ਕੰੂਆਂ ਪੁੱਜ ਕੇ ਰਾਤੀਂ ਸਵਾ ਗਿਆਰਾਂ ਵਜੇ ਲਾਲ ਕੂੰਆਂ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਅਗਲੇ ਦਿਨ ਇਹ ਟਰੇਨ ਸਵੇਰੇ 9 ਵਜੇ ਚੰਡੀਗੜ੍ਹ ਪੁੱਜੇਗੀ ਅਤੇ ਅੰਮ੍ਰਿਤਸਰ ਦੁਪਹਿਰ 2 ਵਜ ਕੇ 45 ਮਿੰਟ ’ਤੇ ਪੁੱਜ ਜਾਵੇਗੀ।
ਹੁਸ਼ਿਆਰਪੁਰ-ਦਿੱਲੀ ਰੇਲ ਗੱਡੀ ਦੀ ਚਿਰੋਕਣੀ ਮੰਗ ਹੋਈ ਪੂਰੀ
ਹੁਸ਼ਿਆਰਪੁਰ, 2 ਅਕਤੂਬਰ – ਜ਼ਿਲ੍ਹਾ ਹੁਸ਼ਿਆਰਪੁਰ ਨੂੰ ਰੇਲਵੇ ਲਾਈਨ ਬਣਨ ਦੇ ਸੌ ਸਾਲ ਬਾਅਦ ਅੱਜ ਸਿੱਧੀ ਹੁਸ਼ਿਆਰਪੁਰ-ਦਿੱਲੀ ਰੇਲ ਸੇਵਾ ਪ੍ਰਾਪਤ ਹੋਈ ਹੈ ਜੋ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ। ਇਹ
ਪ੍ਰਗਟਾਵਾ ਕੇਂਦਰੀ ਸਿਹਤ ਰਾਜ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਨੇ ਅੱਜ ਇੱਥੇ ਰੇਲਵੇ ਸਟੇਸ਼ਨ ’ਤੇ ‘ਹੁਸ਼ਿਆਰਪੁਰ ਐਕਸਪ੍ਰੈਸ’ ਨੂੰ ਹਰੀ ਝੰਡੀ ਦਿਖਾਉਣ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ 1913 ਵਿੱਚ ਹੁਸ਼ਿਆਰਪੁਰ ਲਈ ਰੇਲ ਸੇਵਾ ਬਹਾਲ ਹੋਈ ਸੀ ਅਤੇ ਅੱਜ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੇ ਮੌਕੇ ’ਤੇ ਅਜ਼ਾਦੀ ਦੇ 66 ਸਾਲਾਂ ਬਾਅਦ ਹੁਸ਼ਿਆਰਪੁਰ ਦੀ ਜਨਤਾ ਲਈ ਦਿੱਲੀ ਲਈ ਸਿੱਧੀ ਰੇਲ ਸੇਵਾ ਬਹਾਲ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਪਹਿਲਾਂ ਜਲੰਧਰ ਤੱਕ ਹੀ ਰੇਲ ਸੇਵਾ ਚੱਲ ਰਹੀ ਸੀ ਜਿਸ ਨੂੰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੱਕ ਵਧਾਇਆ ਗਿਆ ਅਤੇ ਅੱਜ ਇਹ ਰੇਲ ਸੇਵਾ ਦਿੱਲੀ ਤੱਕ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਇਹ ਰੇਲ ਸੇਵਾ ਹਫ਼ਤੇ ਵਿੱਚ ਇੱਕ ਦਿਨ ਲਈ ਹੈ ਪਰ ਜਲਦੀ ਹੀ ਇਸ ਨੂੰ ਰੋਜ਼ਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਚੱਲਣ ਨਾਲ ਦਿੱਲੀ ਅਤੇ ਹੁਸ਼ਿਆਰਪੁਰ ਵਿੱਚ ਵਪਾਰ ਵਧੇਗਾ। ਰੇਲ ਪ੍ਰਬੰਧਕ ਫਿਰੋਜ਼ਪੁਰ ਡਵੀਜ਼ਨ ਐਨ.ਸੀ. ਗੋਇਲ ਨੇ ਕੇਂਦਰੀ ਰੇਲ ਮੰਤਰੀ ਮਲਿਕਾਅਰਜੁਨ ਖੜਗੇ ਵੱਲੋਂ ਹੁਸ਼ਿਆਰਪੁਰ ਐਕਸਪ੍ਰੈਸ ਰੇਲ ਸੇਵਾ ਸ਼ੁਰੂ ਹੋਣ ’ਤੇ ਭੇਜਿਆ ਸੰਦੇਸ਼ ਪੜ੍ਹ ਕੇ ਸੁਣਾਇਆ। ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਵੀ ਲੋਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਐਸ.ਡੀ.ਐਮ. ਕੈਪਟਨ ਕਰਨੈਲ ਸਿੰਘ, ਸਾਬਕਾ ਵਿਧਾਇਕ ਚੌਧਰੀ ਰਾਮ ਲੁਭਾਇਆ, ਸਾਬਕਾ ਮੰਤਰੀ ਨਰੇਸ਼ ਠਾਕਰ, ਰੇਲਵੇ ਡਵੀਜ਼ਨ ਦੇ ਸੈਕਸ਼ਨਲ ਇੰਜ. ਅਸ਼ੋਕ ਸ਼ਰਮਾ, ਸਹਾਇਕ ਡਵੀਜ਼ਨਲ ਸੈਕਸ਼ਨਲ ਇੰਜ. ਦਿਨੇਸ਼ ਕੁਮਾਰ ਸ਼ਰਮਾ, ਸਟੇਸ਼ਨ ਸੁਪਰਡੈਂਟ ਵਿਦਿਆ ਸਾਗਰ, ਸੋਨਾਲੀਕਾ ਪ੍ਰਾਜੈਕਟ ਦੇ ਇੰਚਾਰਜ ਐਸ.ਕੇ. ਪੋਮਰਾ ਹਾਜ਼ਰ ਸਨ।
ਫਗਵਾੜਾ (ਪੱਤਰ ਪ੍ਰੇਰਕ): ਹੁਸ਼ਿਆਰਪੁਰ ਤੋਂ ਦਿੱਲੀ ਲਈ ਸ਼ੁਰੂ ਹੋਈ ਹੁਸ਼ਿਆਰਪੁਰ ਐਕਸਪ੍ਰੈੱਸ ਟਰੇਨ ਦਾ ਅੱਜ ਇੱਥੇ ਪੁੱਜਣ ’ਤੇ ਸ਼ਹਿਰ ਵਾਸੀਆਂ ਤੇ ਕਾਂਗਰਸੀ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਕੇਂਦਰੀ ਸਿਹਤ ਰਾਜ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਹੁਸ਼ਿਆਰਪੁਰ ਤੋਂ ਖ਼ੁਦ ਇਸ ’ਚ ਸਵਾਰ ਹੋ ਕੇ ਆਏ। ਇਸ ਮੌਕੇ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਉਨ੍ਹਾਂ ਹੁਸ਼ਿਆਰਪੁਰ ਹਲਕੇ ਦੇ ਲੋਕਾਂ ਨਾਲ ਲੋਕ ਸਭਾ ਚੋਣਾਂ ਚ ਹੁਸ਼ਿਆਰਪੁਰ-ਦਿੱਲੀ ਤੇ ਹੁਸ਼ਿਆਰਪੁਰ-ਅੰਮ੍ਰਿਤਸਰ ਟਰੇਨ ਚਲਾਉਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੀ ਅਗਲੀ ਕੋਸ਼ਿਸ਼ ਇਹ ਹੋਵੇਗੀ ਕਿ ਅੰਮ੍ਰਿਤਸਰ-ਚੰਡੀਗੜ੍ਹ ਟਰੇਨ ਦਾ ਫਗਵਾੜਾ ’ਚ ਸਟੋਪੇਜ ਕਰਵਾਇਆ ਜਾਵੇ। ਇਸ ਮੌਕੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਵਿਧਾਇਕ ਚੌਧਰੀ ਰਾਮ ਲੁਭਾਇਆ, ਸੋਇਨੀ ਚੌਧਰੀ, ਰੇਲਵੇ ਮੈਂਬਰ ਰਾਮ ਮੂਰਤੀ, ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਦਿਹਾਤੀ ਪ੍ਰਧਾਨ ਇੰਦਰਜੀਤ ਖਲਿਆਣ, ਰਾਜੂ ਭਗਤਪੁਰਾ, ਦਲਜੀਤ ਸਿੰਘ ਰਾਜੂ, ਅਵਤਾਰ ਸਿੰਘ ਪੰਡਵਾਂ, ਸੁਰਿੰਦਰ ਮੜ੍ਹੀਆਂ, ਡਾ. ਪੀ.ਕੇ. ਓਹਰੀ, ਕੇ.ਕੇ. ਦੁੱਗਲ ਹਾਜ਼ਰ ਸਨ।