ਪਟਿਆਲਾ(ਬਲਜਿੰਦਰ)-ਪਟਿਆਲਾ ਪੁਲਸ ਨੇ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ‘ਤੇ ਹਮਲਾ ਕਰਨ ਵਾਲੇ ਆਟੋ ਰਿਕਸ਼ਾ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਨੇ ਇਸ ਕੋਲੋਂ ਹਮਲੇ ਵਿਚ ਵਰਤਿਆ ਗਿਆ ਪੇਚਕਸ, ਆਟੋ ਰਿਕਸ਼ਾ ਅਤੇ ਲੜਕੀ ਤੋਂ ਖੋਹਿਆ ਸਾਮਾਨ, ਮੋਬਾਈਲ ਫੋਨ ਤੇ ਨਕਦੀ ਆਦਿ ਵੀ ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਕਰਦੇ ਹੋਏ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਸਵਰਨ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਸ਼ੇਖਪੁਰਾ ਨੇੜੇ ਪੰਜਾਬੀ ਯੂਨੀਵਰਸਿਟੀ ਵਜੋਂ ਹੋਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਇਸ ਦਾ ਸਕੈੱਚ ਬਣਵਾਇਆ ਗਿਆ ਸੀ ਅਤੇ ਉਸੇ ਸਕੈੱਚ ਦੇ ਆਧਾਰ ‘ਤੇ ਹੀ ਐੱਸ. ਪੀ. ਸਿਟੀ ਦਲਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਡੀ. ਐੱਸ. ਪੀ. ਦਿਹਾਤੀ ਜਗਜੀਤ ਸਿੰਘ ਜੱਲ੍ਹਾ ਅਤੇ ਥਾਣਾ ਸਦਰ ਦੇ ਮੁਖੀ ਐੱਸ. ਆਈ. ਹਰਮਨਪ੍ਰੀਤ ਸਿੰਘ ਦੀ ਟੀਮ ਨੇ ਬੜੀ ਚੁਸਤੀ ਨਾਲ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਬਾਅਦ ਵਿਚ ਪੁੱਛਗਿੱਛ ਦੌਰਾਨ ਉਹ ਸਾਰਾ ਕੁਝ ਮੰਨ ਗਿਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿਖੇ ਐੱਮ. ਐੱਸ. ਸੀ. ਪਹਿਲੇ ਸਾਲ ਦੀ ਵਿਦਿਆਰਥਣ ਪਿੰਡ ਸ਼ਾਹਪੁਰ ਥੇੜੀ ਥਾਣਾ ਖਨੌਰੀ, ਜ਼ਿਲਾ ਸੰਗਰੂਰ ਦੀ ਵਸਨੀਕ ਹੈ ਅਤੇ ਯੂਨੀਵਰਸਿਟੀ ਸਾਹਮਣੇ ਪ੍ਰੋਫੈਸਰ ਕਾਲੋਨੀ ਵਿਖੇ ਬਤੌਰ ਪੀ. ਜੀ. ਰਹਿ ਰਹੀ ਹੈ।
12 ਅਕਤੂਬਰ ਨੂੰ ਸਵੇਰ ਸਮੇਂ ਜਦੋਂ ਆਪਣੇ ਮਾਮੇ ਦੇ ਲੜਕੇ ਦੀ ਸ਼ਾਦੀ ਵਿਚ ਸ਼ਾਮਲ ਹੋਣ ਲਈ ਰੇਲਵੇ ਸਟੇਸ਼ਨ ਜਾਣ ਵਾਸਤੇ ਆਟੋ ਦੀ ਇੰਤਜ਼ਾਰ ਕਰ ਰਹੀ ਸੀ ਤਾਂ ਇਸੇ ਦੌਰਾਨ ਇਹ ਪ੍ਰੋਫੈਸਰ ਕਾਲੋਨੀ ਵਲੋਂ ਆਏ ਇਕ ਆਟੋ ਰਿਕਸ਼ਾ ਨੂੰ ਹੱਥ ਦੇ ਕੇ ਉਸ ਵਿਚ ਬੈਠ ਗਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸੇ ਦੌਰਾਨ ਇਸ ਆਟੋ ਦੇ ਚਾਲਕ ਨੇ ਰੇਲਵੇ ਸਟੇਸ਼ਨ ਜਾਣ ਦੀ ਬਜਾਏ ਆਪਣਾ ਥ੍ਰੀ-ਵ੍ਹੀਲਰ ਅਰਬਨ ਅਸਟੇਟ ਫੇਜ਼-2, ਸਾਧੂ ਬੇਲਾ ਰੋਡ ਨੂੰ ਮੋੜ ਲਿਆ ਤੇ ਮਨਪ੍ਰੀਤ ਕੌਰ ਦੇ ਪੁੱਛਣ ‘ਤੇ ਉਸਨੇ ਇਹ ਦੱਸਿਆ ਕਿ ਉਸ ਨੇ ਅੱਗੇ ਤੋਂ ਵੀ ਦੋ ਲੜਕੀਆਂ ਨੂੰ ਨਾਲ ਲੈ ਕੇ ਪਟਿਆਲਾ ਜਾਣਾ ਹੈ ਪਰ ਇਸ ਦੌਰਾਨ ਸਵਰਨ ਸਿੰਘ ਨੇ ਆਪਣਾ ਆਟੋ ਗੁਰੂ ਰਾਮ ਰਾਏ ਪਬਲਿਕ ਸਕੂਲ ਨੇੜੇ ਇਕ ਸੁੰਨਸਾਨ ਜਗ੍ਹਾ ‘ਤੇ ਰੋਕ ਲਿਆ ਅਤੇ ਮਨਪ੍ਰੀਤ ਕੌਰ ਪਾਸੋਂ ਉਸਦਾ ਪਰਸ ਜਿਸ ਵਿਚ ਉਸਦਾ ਮੋਬਾਈਲ ਫੋਨ, 500-600 ਰੁਪਏ, ਇਕ ਬੈਗ ਜਿਸ ਵਿਚ ਕੱਪੜੇ ਤੇ ਹੋਰ ਸਾਮਾਨ ਸੀ, ਖੋਹ ਲਿਆ ਸੀ। ਮਨਪ੍ਰੀਤ ਕੌਰ ਵਲੋਂ ਇਸਦਾ ਵਿਰੋਧ ਕਰਨ ‘ਤੇ ਉਸਨੇ ਪੇਚਕਸ ਚੁੱਕ ਕੇ ਮਨਪ੍ਰੀਤ ਦੇ ਸਿਰ ਦੇ ਪਿੱਛੇ 3-4 ਵਾਰ ਕੀਤੇ। ਇਸੇ ਦੌਰਾਨ ਮਨਪ੍ਰੀਤ ਕੌਰ ਆਟੋ ਵਿਚੋਂ ਨਿਕਲ ਕੇ ਦੌੜ ਪਈ ਤਾਂ ਇਸਨੇ ਉਸਦੇ ਪਿੱਛੇ ਦੌੜ ਕੇ ਉਸ ਦੀਆਂ ਲੱਤਾਂ, ਬਾਹਾਂ ਤੇ ਪਿੱਠ ਪਿੱਛੇ ਵੀ ਕਈ ਵਾਰ ਕੀਤੇ ਪਰ ਮਨਪ੍ਰੀਤ ਦੇ ਰੌਲਾ ਪਾਉਣ ‘ਤੇ ਇਹ ਉਸ ਦਾ ਸਾਮਾਨ ਲੈ ਕੇ ਦੌੜ ਗਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਸਵਰਨ ਸਿੰਘ ਨੇ ਲੁੱਟ-ਖੋਹ ਦੀ ਨੀਅਤ ਨਾਲ ਲੜਕੀ ‘ਤੇ ਵਾਰ ਕੀਤੇ ਸਨ ਅਤੇ ਬਾਅਦ ‘ਚ ਪੁਲਸ ਵਲੋਂ ਆਟੋ ਰਿਕਸ਼ਾ ਯੂਨੀਅਨਾਂ ਨਾਲ ਮੀਟਿੰਗਾਂ ਕਰਨ ‘ਤੇ ਇਹ ਵਿਅਕਤੀ ਵੀ ਭੁਲੇਖਾ ਪਾਉਣ ਲਈ ਇਨ੍ਹਾਂ ਮੀਟਿੰਗਾਂ ਵਿਚ ਸ਼ਾਮਲ ਹੁੰਦਾ ਰਿਹਾ ਪਰ ਜਦੋਂ ਪੁਲਸ ਨੇ ਸਕੈੱਚ ਬਣਵਾਇਆ ਤਾਂ ਇਸ ਦੀ ਪਛਾਣ ਹੋ ਗਈ ਤੇ ਇਸ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਰੁੱਧ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ 364, 394 ਆਈ. ਪੀ. ਸੀ. ਤਹਿਤ ਥਾਣਾ ਸਦਰ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ।
ਪੱਤਰਕਾਰਾਂ ਵਲੋਂ ਲੜਕੀਆਂ ਦੀ ਸੁਰੱਖਿਆ ਬਾਰੇ ਪੁੱਛਣ ‘ਤੇ ਐੱਸ. ਐੱਸ. ਪੀ. ਮਾਨ ਨੇ ਦੱਸਿਆ ਕਿ ਪਟਿਆਲਾ ਪੁਲਸ ਲੜਕੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਜ਼ਿਲੇ ‘ਚ ਦਿੱਲੀ, ਚੰਡੀਗੜ੍ਹ ਤੇ ਮੋਹਾਲੀ ਆਦਿ ਦੀ ਤਰਜ਼ ‘ਤੇ ਸਾਰੇ ਆਟੋ ਰਿਕਸ਼ਾ ਵ੍ਹੀਕਲਾਂ ਵਿਚ ਮਾਲਕ ਤੇ ਡਰਾਈਵਰ ਦਾ ਨਾਂ ‘ਤੇ ਫੋਨ ਨੰਬਰ ਲਿਖਵਾਉਣਾ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸਵਾਰੀਆਂ ਆਟੋ ਰਿਕਸ਼ਾ ਦੀ ਪਛਾਣ ਕਰ ਸਕਣ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਵਾਪਰੇ।