ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਤਿਹਾੜ ਜੇਲ੍ਹ ਵਿਚ ਬੰਦ ਬੱਬਰ ਖਾਲਸਾ ਦੇ ਚੋਟੀ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਉਰਾ ਅਤੇ ਖਾਲਿਸਤਾਨ ਲਿਬੇਰਸ਼ਨ ਫੋਰਸ ਦੇ ਕੰਮਾਡਰ ਭਾਈ ਦਇਆ ਸਿੰਘ ਲਾਹੋਰੀਆ ਨਾਲ ਮੁਲਾਕਾਤ ਕਰਕੇ ਆਏ ਭਾਈ ਭਿਉਰਾ ਦੇ ਭਰਾਤਾ ਭਾਈ ਜਰਨੈਲ ਸਿੰਘ ਅਤੇ ਭਾਈ ਦਇਆ ਸਿੰਘ ਲਾਹੋਰੀਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਰਾਹੀ ਭੇਜੇ ਸੁਨੇਹੇ ਵਿਚ ਦੋਨਾਂ ਸਿੰਘਾਂ ਨੇ ਇਕਸੁਰ ਹੁੰਦੇ ਕਿਹਾ ਕਿ ਸਿੱਖ ਕੌਮ ਲਈ ਇਹ ਬਹੁਤ ਹੀ ਚੰਗਾਂ ਸੁਨੇਹਾ ਹੈ ਕਿ ਪ੍ਰੌ. ਦਵਿੰਦਰ ਪਾਲ ਸਿੰਘ ਭੁੱਲਰ ਨੂੰ ਕੇਂਦਰ ਸਰਕਾਰ ਵਲੋਂ ਮਿਲੀ ਰਾਹਤ ਸਦਕਾ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਹੈ । ਇਸ ਲਈ ਕੇਜਰੀਵਾਲ ਸਰਕਾਰ ਦਾ ਧੰਨਵਾਦ ਵੀ ਜਰੂਰੀ ਹੈ ਜਿੰਨ੍ਹਾਂ ਨੇ ਸਰਕਾਰ ਤੇ ਦਬਾਅ ਬਣਾਇਆ ਅਤੇ ਰਾਜਪਾਲ ਨੂੰ ਵੀ ਪ੍ਰੌ. ਭੁੱਲਰ ਦੀ ਫਾਂਸੀ ਖਤਮ ਕਰਨ ਲਈ ਚਿਠੀ ਲਿਖੀ ਸੀ ।
ਭਾਈ ਲਾਹੋਰੀਆ ਨੇ ਕਿਹਾ ਕਿ ਪ੍ਰੌ. ਭੁੱਲਰ ਦੇ ਕੇਸ ਵਿਚ ਇਕ ਵੀ ਗਵਾਹ ਉਨ੍ਹਾਂ ਦੇ ਖਿਲਾਫ ਨਹੀ ਭੁਗਤਿਆ ਹੈ ਤੇ ਤਿੰਨ ਜੱਜਾ ਦੇ ਬੈਂਚ ਵਿਚੋਂ ਇਕ ਜੱਜ ਨੇ ਵੀ ਪ੍ਰੌ. ਸਾਹਿਬ ਨੂੰ ਰਿਹਾ ਕਰਨ ਬਾਰੇ ਕਿਹਾ ਸੀ, ਉਮਰਕੈਦ ਦੀ ਸਜਾ ਬਣਦੀ ਵੀ ਨਹੀ ਹੈ ਫਿਰ ਵੀ ਉਨ੍ਹਾਂ ਨੇ ਉਮਰਕੈਦ ਤੋਂ ਵੀ ਜਿਆਦਾ ਸਜਾ ਭੁਗਤ ਲਈ ਹੈ ਇਹ ਦੇਖਦੇ ਹੋਏ ਅਦਾਲਤ ਅਤੇ ਕੇਂਦਰ ਸਰਕਾਰ ਦਾ ਫਰਜ ਬਣਦਾ ਸੀ ਕਿ ਪ੍ਰੌ. ਸਾਹਿਬ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਦਾਂ । ਸਰਕਾਰ ਵਲੋਂ ਸਿੱਖਾਂ ਖਿਲਾਫ ਕੀਤੇ ਜਾਂਦੇ ਧੱਕੇਆਂ ਸਦਕਾ ਕੌਮ ਨੂੰ ਇਸ ਤੇ ਹੀ ਸਬਰ ਨਹੀ ਕਰਨਾ ਚਾਹੀਦਾ ਸਗੋਂ ਹੁਣ ਕੌਮ ਦਾ ਫਰਜ ਬਣਦਾ ਹੈ ਕਿ ਪ੍ਰੌ. ਸਾਹਿਬ ਦੀ ਰਿਹਾਈ ਲਈ ਵੀ ਮੁੰਹਿਮ ਸ਼ੁਰੂ ਕੀਤੀ ਜਾਏ।