ਮੋਗਾ, 21 ਅਗੱਸਤ (ਹਰਬੰਸ ਸਿੰਘ/ਜਗਮੋਹਨ ਸ਼ਰਮਾ) : ਕਲ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਸਹਿਤਕਾਰ ਅਤੇ ਪ੍ਰਸਿੱਧ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਿਥੇ ਸਮੁੱਚੇ ਪੰਜਾਬ ਵਿਚ ਬੁੱਧੀਜੀਵੀਆਂ ਅਤੇ ਸਿੱਖ ਚਿੰਤਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਉਥੇ ਅੱਜ ਪ੍ਰੋ. ਘੱਗਾ ਨੂੰ ਇਥੇ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ 4 ਸਤੰਬਰ ਤਕ ਮੋਗਾ ਦੀ ਸਬ ਜੇਲ ਵਿਚ ਭੇਜ ਦਿਤਾ ਗਿਆ। ਪ੍ਰੋ. ਘੱਗਾ ਨੂੰ ਬਾਘਾਪੁਰਾਣਾ ਥਾਣਾ ਮੁਖੀ ਸ. ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪੇਸ਼ ਕੀਤਾ। ਪੁਲਿਸ ਨੇ ਪ੍ਰੋ. ਘੱਗਾ ਵਿਰੁਧ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਮਾਲਵਾ ਮੇਲ ਨਾਮ ਦੇ ਇਕ ਅਖ਼ਬਾਰ ਵਿਚ ਇਕ ਲੇਖ ਛਾਪਿਆ ਹੈ ਜਿਸ ਨਾਲ ਹਿੰਦੂਆਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਸ ਲੇਖ ਦੇ ਪ੍ਰਕਾਸ਼ਤ ਹੋਣ ਉਪਰੰਤ ਬਾਘਾਪੁਰਾਣਾ ਵਿਚ ਕਈ ਜਥੇਬੰਦੀਆਂ ਰੋਸ ਮੁਜ਼ਾਹਰਾ ਕਰ ਚੁੱਕੀਆਂ ਹਨ। ਦੂਜੇ ਪਾਸੇ ਇਸ ਗੱਲ ਦੀ ਵੀ ਚਰਚਾ ਚਲ ਰਹੀ ਹੈ ਕਿ ਬਾਘਾਪੁਰਾਣਾ ਵਿਚ ਪ੍ਰਦਰਸ਼ਨ ਕਰ ਰਹੇ ਧਾਰਮਕ ਅਤੇ ਰਾਜਨੀਤਕ ਲੋਕ ਸਿੱਧੇ ਤੌਰ ‘ਤੇ ਮਾਲਵਾ ਮੇਲ ਅਖ਼ਬਾਰ ਦੇ ਸੰਪਾਦਕ ਵਿਰੁਧ ਕਥਿਤ ਤੌਰ ਤੇ ਨਿਜੀ ਰੰਜਿਸ਼ ਕੱਢ ਰਹੇ ਹਨ ਜਦਕਿ ਇਨ੍ਹਾਂ ਜਥੇਬੰਦੀਆਂ ਨੂੰ ਪ੍ਰੋ. ਇੰਦਰ ਸਿੰਘ ਘੱਗਾ ਤੋਂ ਕੋਈ ਸ਼ਿਕਾਇਤ ਨਹੀਂ। ਸ਼ਹਿਰ ਦੀਆਂ ਰਾਜਨੀਤਕ ਜਥੇਬੰਦੀਆਂ ਇਸ ਅਖ਼ਬਾਰ ਦੇ ਸੰਪਾਦਕ ਤੋਂ ਅਕਸਰ ਹੀ ਖੁੰਦਕ ਖਾਂਦੀਆਂ ਸਨ ਅਤੇ ਇਸ ਲੇਖ ਛਪਣ ਤੋਂ ਬਾਅਦ ਉਨ੍ਹਾਂ ਨੂੰ ਅਪਣੀ ਦੁਸ਼ਮਣੀ ਕਢਣ ਦਾ ਮੌਕਾ ਮਿਲ ਗਿਆ। ਲੋਕਾਂ ਨੇ ਹੁਣ ਤਕ ਅਪਣੀ ਜੁਬਾਨ ਵਿਚੋਂ ਜੋ ਵੀ ਸ਼ਬਦ ਬੋਲੇ ਹਨ, ਉਹ ਕੇਵਲ ਫੂਲ ਮਿੱਤਲ ਬਾਰੇ ਹੀ ਸਨ। ਕਿਸੇ ਨੇ ਵੀ ਅਪਣੀ ਜ਼ੁਬਾਨ ਨਾਲ ਪ੍ਰੋ. ਇੰਦਰ ਸਿੰਘ ਘੱਗਾ ਦਾ ਜ਼ਿਕਰ ਨਹੀਂ ਕੀਤਾ। ਇਥੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਲੋਕਾਂ ਦਾ ਗੁੱਸਾ ਕੇਵਲ ਅਖ਼ਬਾਰ ਦੇ ਸੰਪਾਦਕ ਨਾਲ ਹੈ, ਨਾ ਕਿ ਪ੍ਰੋ. ਇੰਦਰ ਸਿੰਘ ਘੱਗਾ ਨਾਲ। ਜੇ ਪੁਲਿਸ ਇਸ ਮਾਮਲੇ ਨੂੰ ਧਿਆਨ ਨਾਲ ਦੇਖਦੀ ਤਾਂ ਸ਼ਾਇਦ ਪ੍ਰੋ. ਘੱਗਾ ਦੀ ਗ੍ਰਿਫ਼ਤਾਰੀ ਦੀ ਲੋੜ ਨਾ ਹੁੰਦੀ।
ਇਸ ਮਸਲੇ ਨੂੰ ਲੈ ਕੇ ਵੱਖ-ਵੱਖ ਬੁੱਧੀਜੀਵੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਘੱਗਾ ਨੇ ਜਿਹੜਾ ਲੇਖ ਤਿੰਨ ਸਾਲ ਪਹਿਲਾਂ ਲਿਖਿਆ ਸੀ, ਉਸ ਨੂੰ ਫ਼ੇਸਬੁਕ ‘ਤੇ ਪਾਇਆ ਗਿਆ ਸੀ। ਜੇ ਰਾਜਨੀਤਕ ਆਗੂਆਂ ਅਤੇ ਹਿੰਦੂ ਜਥੇਬੰਦੀਆਂ ਨੂੰ ਰੋਸ ਸੀ ਤਾਂ ਉਸ ਸਮੇਂ ਕਿਉਂ ਨਹੀਂ ਜ਼ਾਹਰ ਕੀਤਾ ਗਿਆ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਲਵਾ ਮੇਲ ਅਖ਼ਬਾਰ ਦੇ ਮਾਲਕ ਨੂੰ ਪੁਲਿਸ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੁਲਿਸ ਵਲੋਂ ਛਾਪੇ ਮਾਰੇ ਜਾ ਰਹੇ ਹਨ। ਇਸ ਘਟਨਾ ਦੀ ਨਿਖੇਧੀ ਕਰਦਿਆਂ ਬੁੱਧੀਜੀਵੀ ਵਰਗ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਕੌਮੀ ਆਗੂ ਦਰਸ਼ਨ ਸਿੰਘ ਘੋਲੀਆ, ਰਜਿੰਦਰ ਸਿੰਘ ਕੋਟਲਾ, ਕੁਲਵੰਤ ਸਿੰਘ ਰਿੱਚੀ ਸਹਿਤ ਹੋਰ ਆਗੂਆਂ ਨੇ ਮੰਗ ਕੀਤੀ ਕਿ ਪ੍ਰੋ. ਘੱਗਾ ਨੂੰ ਇਸ ਝੂਠੇ ਕੇਸ ਵਿਚੋਂ ਤੁਰਤ ਕਢਿਆ ਜਾਵੇ।