ਸੰਗਰੂਰ, 8 ਮਾਰਚ : ਕੌਮਾਂਤਰੀ ਮਹਿਲਾ ਦਿਵਸ ਮੌਕੇ ਇਥੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰ ਰਹੀਆਂ ਸੈਂਕੜੇ ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਦੀ ਪੁਲੀਸ ਨਾਲ ਖਿੱਚ-ਧੂਹ ਹੋਈ ਜਦੋਂ ਪ੍ਰਦਰਸ਼ਨਕਾਰੀ ਵਰਕਰਾਂ ਨੇ ਕੋਠੀ ਦਾ ਘਿਰਾਓ ਕਰਨ ਲਈ ਅੱਗੇ ਵਧਣ ਦਾ ਯਤਨ ਕੀਤਾ। ਖਿੱਚ-ਧੂਹ ਦੌਰਾਨ ਵਰਕਰਾਂ ਦੇ ਹੱਥਾਂ ’ਚ ਫੜ੍ਹੇ ਬੈਨਰ ਅਤੇ ਮਾਟੋ ਹੇਠਾਂ ਡਿੱਗ ਪਏ ਅਤੇ ਦੋਵਾਂ ਧਿਰਾਂ ’ਚ ਕਾਫੀ ਤਕਰਾਰਬਾਜ਼ੀ ਵੀ ਹੋਈ।
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਪ੍ਰਧਾਨ ਜਸਮੇਲ ਕੌਰ ਦੀ ਅਗਵਾਈ ਹੇਠ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਵਿਚ ਜ਼ਿਲ੍ਹੇ ਭਰ ਤੋਂ ਮਿਡ-ਡੇ-ਮੀਲ ਵਰਕਰਾਂ ਅਤੇ ਆਸ਼ਾ ਵਰਕਰਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਰੈਲੀ ਉਪਰੰਤ ਵਰਕਰਾਂ ਸ਼ਹਿਰ ’ਚ ਰੋਸ ਮਾਰਚ ਕਰਦੀਆਂ ਹੋਈਆਂ ਨਾਨਕਿਆਣਾ ਚੌਕ ਪੁੱਜੀਆਂ। ਇਥੋਂ ਜਿਉਂ ਹੀ ਉਨ੍ਹਾਂ ਨੇ ਢੀਂਡਸਾ ਦੀ ਕੋਠੀ ਨੂੰ ਜਾਂਦੇ ਪਿਛਲੇ ਰਸਤੇ ਰਾਹੀਂ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਵਰਕਰਾਂ ਨੂੰ ਰੋਕਣ ਲਈ ਪੁਲੀਸ ਨੂੰ ਕਾਫ਼ੀ ਜਦੋਜਹਿਦ ਕਰਨੀ ਪਈ। ਇਸ ਮੌਕੇ ਪੁਲੀਸ ਅਤੇ ਵਰਕਰਾਂ ਵਿਚਕਾਰ ਕਾਫ਼ੀ ਖਿੱਚ-ਧੂਹ ਅਤੇ ਧੱਕਾ-ਮੁੱਕੀ ਹੋਈ ਪਰੰਤੂ ਪੁਲੀਸ ਉਨ੍ਹਾਂ ਨੂੰ ਰੋਕਣ ਵਿੱਚ ਸਫ਼ਲ ਰਹੀ। ਇਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਕੋਠੀ ਨੇੜੇ ਸੜਕ ’ਤੇ ਹੀ ਰੋਸ ਧਰਨਾ ਦੇ ਕੇ ਆਵਾਜਾਈ ਠੱਪ ਕਰਦਿਆਂ ਸਰਕਾਰ ਵਿਰੁੱਧ ਪਿੱਟ ਸਿਆਪਾ ਕੀਤਾ।
ਯੂਨੀਅਨ ਪ੍ਰਧਾਨ ਜਸਮੇਲ ਕੌਰ ਅਤੇ ਸੂਬਾਈ ਕਨਵੀਨਰ ਹਰਪਾਲ ਕੌਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਔਰਤਾਂ ਜ਼ੁਲਮ ਅਤੇ ਵਿਤਕਰੇ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਔਰਤਾਂ ਨੂੰ ਬਰਾਬਰ ਦੇ ਹੱਕ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਔਰਤਾਂ ਨੂੰ ਆਪਣਾ ਸਵੈਮਾਣ ਬਚਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਬਰਾਬਰ ਕੰਮ ਬਦਲੇ ਘੱਟੋ-ਘੱਟ ਦਸ ਹਜ਼ਾਰ ਰੁਪਏ ਉਜਰਤ ਦਿੱਤੀ ਜਾਵੇ ਅਤੇ 45ਵੀਂ ਲੇਬਰ ਕਾਨਫਰੰਸ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ।
ਇਸ ਮੌਕੇ ਦੇਵ ਰਾਜ ਵਰਮਾ, ਸਰਬਜੀਤ ਸਿੰਘ ਵੜੈਚ, ਸ਼ੇਰ ਸਿੰਘ ਫਰਵਾਹੀ, ਮੱਖਣ ਸਿੰਘ ਜਖੇਪਲ, ਬੰਤ ਸਿੰਘ ਨਮੋਲ, ਭਰਪੂਰ ਸਿੰਘ ਦੁੱਗਾਂ, ਦਰਸ਼ਨਾ ਦੇਵੀ, ਮੇਜਰ ਸਿੰਘ ਪੁੰਨਾਂਵਾਲ ਆਦਿ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੇ ਮੌਕੇ ’ਤੇ ਪੁੱਜ ਦੇ ਮੰਗ ਪੱਤਰ ਲਿਆ ਜਿਸ ਤੋਂ ਬਾਅਦ ਰੋਸ ਧਰਨਾ ਖਤਮ ਕਰ ਦਿੱਤਾ ਗਿਆ।