ਸੁਨਾਮ, 24 ਫ਼ਰਵਰੀ : ਸ਼ਹਿਰ ਦੇ ਸੀਤਾਸਰ ਮੰਦਰ ਵਿਖੇ ਸ਼ਿਵਰਾਤਰੀ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਮੰਦਰ ਕਮੇਟੀ ਦੇ ਮੈਂਬਰਾਂ ਵਲੋਂ ਲਾਈਆਂ ਜਾ ਰਹੀਆਂ ਝੰਡੀਆਂ ਅਤੇ ਟੈਂਟ ਦਾ ਵਿਰੋਧ ਕਰ ਰਹੇ ਕੰਬੋਜ਼ ਭਾਈਚਾਰੇ ਦੇ ਲੋਕਾਂ ਉਪਰ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੌਰਾਨ ਕਈਆਂ ਦੀਆਂ ਪਗਾਂ ਉਤਰ ਗਈਆਂ। ਲਾਠੀਚਾਰਜ ਦੌਰਾਨ ਔਰਤਾਂ ਅਤੇ ਸਕੂਲੀ ਬੱਚੇ ਵੀ ਪੁਲਿਸ ਦੇ ਡੰਡੇ ਦਾ ਸ਼ਿਕਾਰ ਹੋਏ। ਪੁਲਿਸ ਨੇ ਕੰਬੋਜ਼ ਭਾਈਚਾਰੇ ਨਾਲ ਸਬੰਧਤ ਸਿੱਖ ਸੰਗਠਨ ਦੇ ਕਰੀਬ ਚਾਰ ਦਰਜਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਗੁਰਦੁਆਰਾ ਪਾਤਸ਼ਾਹੀ ਪਹਿਲੀ ਦੇ ਪ੍ਰਧਾਨ ਰਾਜਿੰਦਰ ਸਿੰਘ ਕੈਫ਼ੀ ਨੇ ਦੋਸ਼ ਲਾਇਆ ਕਿ ਇਕ ਡੀ ਐਸ ਪੀ ਦੀ ਅਗਵਾਈ ਹੇਠ ਪੁਲਿਸ ਮੁਲਾਜ਼ਮ ਜੁੱਤੀਆਂ ਸਣੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਦੀ ਕੁੱਟਮਾਰ ਕਰਦੇ ਰਹੇ। ਪੁਲਿਸ ਅਤੇ ਕੰਬੋਜ਼ ਭਾਈਚਾਰੇ ਦੇ ਲੋਕਾਂ ਦਰਮਿਆਨ ਹੋਏ ਝਗੜੇ ਵਿਚ ਜਿਥੇ ਸਿੱਖ ਸੰਗਠਨ ਦੇ ਕਈ ਮੈਂਬਰਾਂ ਨੂੰ ਸੱਟਾਂ ਲੱਗੀਆ ਉਥੇ ਪੁਲਿਸ ਦੇ ਦੋ ਡੀਐਸਪੀ ਅਤੇ ਸੱਤ ਹੋਰ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਦਾਖ਼ਲ ਕਰਵਾਇਆ ਗਿਆ, ਜਦੋਂ ਡੀ ਐਸ ਪੀ ਸੇਵਾ ਸਿੰਘ ਮੱਲੀ ਤੇ ਕ੍ਰਿਸ਼ਨ ਕੁਮਾਰ ਪੈਂਥੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਦਸਣਯੋਗ ਹੈ ਕਿ ਸਥਾਨਕ ਸੀਤਾਸਰ ਮੰਦਰ ਵਿਖੇ 27 ਫ਼ਰਵਰੀ ਨੂੰ ਸ਼ਿਵਰਾਤਰੀ ਮੌਕੇ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਮੰਦਰ ਕਮੇਟੀ ਵਲੋਂ ਲਾਈਆਂ ਝੰਡੀਆਂ ਅਤੇ ਪਾਈਪਾਂ ਨੂੰ ਕੁੱਝ ਇਕ ਵਿਅਕਤੀਆਂ ਵਲੋਂ ਪੁੱਟ ਦਿਤਾ ਗਿਆ ਸੀ ਅਤੇ ਮੰਦਰ ਪ੍ਰਬੰਧਕ ਮੁੜ ਉਸੇ ਥਾਂ ‘ਤੇ ਝੰਡੀਆਂ ਲਾ ਰਹੇ ਸਨ ਜਿਸ ਦਾ ਅੱਜ ਫਿਰ ਕੰਬੋਜ਼ ਭਾਈਚਾਰੇ ਦੇ ਲੋਕ ਵਿਰੋਧ ਕਰ ਰਹੇ ਸਨ। ਕੰਬੋਜ ਭਾਈਚਾਰੇ ਨਾਲ ਸਬੰਧਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਦੇ ਪ੍ਰਧਾਨ ਰਾਜਿੰਦਰ ਸਿੰਘ ਕੈਫੀ, ਜਗਦੀਪ ਸਿੰਘ ਰਿੰਪੀ, ਪਰਮਜੀਤ ਸਿੰਘ ਪੰਮਾ, ਕੁਲਬੀਰ ਸਿੰਘ, ਨਿਰਮਲ ਸਿੰਘ, ਨਰੰਜਨ ਸਿੰਘ, ਭਾਈ ਘਨਈਆ ਸੇਵਾ ਦਲ ਅਤੇ ਭੈਣ ਨਾਨਕੀ ਇਸਤਰੀ ਸਭਾ ਦੀਆਂ ਆਗੂ ਸੁਰਜੀਤ ਕੌਰ ਅਤੇ ਵਿਦਿਆ ਬੀਬੀ ਨੇ ਕਿਹਾ ਕਿ ਕੰਬੋਜ਼ ਭਾਈਚਾਰੇ ਦੇ ਲੋਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਕਰ ਕੇ ਮਾਮਲੇ ਦਾ ਹੱਲ ਕੱਢਣਾ ਚਾਹੁੰਦੇ ਸਨ ਪ੍ਰੰਤੂ ਪੁਲਿਸ ਨੇ ਇਸੇ ਦੌਰਾਨ ਪਿਛਲੇ ਪਾਸਿਉਂ ਘੇਰਾ ਪਾ ਕੇ ਕੰਬੋਜ਼ ਭਾਈਚਾਰੇ ਦੇ ਲੋਕਾਂ ਉਪਰ ਲਾਠੀਚਾਰਜ ਕਰ ਦਿਤਾ। ਉਨ੍ਹਾਂ ਕਿਹਾ ਕਿ ਲਾਠੀਚਾਰਜ ਦੌਰਾਨ ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ।
ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਪੁਲਿਸ ਨੇ ਘਰਾਂ ਅੰਦਰ ਦਾਖ਼ਲ ਹੋ ਕੇ ਵੀ ਲੋਕਾਂ ਨੂੰ ਕੁਟਾਪਾ ਚਾੜ੍ਹਿਆ। ਰਾਜਿੰਦਰ ਸਿੰਘ ਕੈਫ਼ੀ ਨੇ ਕਿਹਾ ਕਿ ਪੁਲਿਸ ਲਾਠੀਚਾਰਜ ਕਾਰਨ ਜ਼ਖ਼ਮੀ ਹੋਏ ਸਿੱਖਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਲਾਠੀਚਾਰਜ ਦੌਰਾਨ ਕਈ ਸਿੱਖਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ।
ਉਧਰ ਪੁਲਿਸ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਸੰਗਰੂਰ ਦੇ ਐਸ ਪੀ ਡੀ ਪਰਮਜੀਤ ਸਿੰਘ ਗੁਰਾਇਆ ਨੇ ਕਿਹਾ ਕਿ ਪੁਲਿਸ ਸ਼ਾਂਤਮਈ ਤਰੀਕੇ ਨਾਲ ਕੰਬੋਜ਼ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਮਾਮਲਾ ਨਜਿੱਠਣਾ ਚਾਹੁੰਦੀ ਸੀ ਪਰੰਤੂ ਜਦੋਂ ਗੱਲਬਾਤ ਚਲ ਰਹੀ ਸੀ ਉਸੇ ਦੌਰਾਨ ਛੱਤ ‘ਤੇ ਖੜੇ ਕਿਸੇ ਵਿਅਕਤੀ ਨੇ ਪੁਲਿਸ ਉਪਰ ਰੋੜੇ ਮਾਰਨੇ ਸ਼ੁਰੂ ਕਰ ਦਿਤੇ ਜਿਸ ਕਾਰਨ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕੀਤਾ। ਉਨ੍ਹਾਂ ਕਿਹਾ ਕਿ ਨਾ ਹੀ ਪੁਲਿਸ ਦਾ ਕੋਈ ਕਰਮਚਾਰੀ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਅੰਦਰ ਵੜਿਆ ਹੈ ਅਤੇ ਨਾ ਹੀ ਕਿਸੇ ਔਰਤ ਅਤੇ ਬੱਚੇ ਨੂੰ ਕੁੱਟਿਆ ਗਿਆ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੇ 40 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ਿਵਰਾਤਰੀ ਤੋਂ ਐਨ ਪਹਿਲਾਂ ਦੋ ਧਿਰਾਂ ਦਰਮਿਆਨ ਹੋਏ ਝਗੜੇ ਨੂੰ ਲੈ ਕੇ ਸ਼ਹਿਰ ਅੰਦਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੀਤਾਸਰ ਦਾ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ।
ਉਧਰ ਥਾਣਾ ਸਿਟੀ ਸੁਨਾਮ ਦੇ ਐਸ ਐਚ ਓ ਜਤਿੰਦਰਪਾਲ ਸਿੰਘ ਨੇ ਦਸਿਆ ਕਿ ਪੁਲਿਸ ਨੇ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਰਾਜਿੰਦਰ ਸਿੰਘ ਕੈਫ਼ੇ, ਸੁਰਿੰਦਰ ਸਿੰਘ ਪੱਪੂ ਹਾਂਡਾ, ਮਨਜੀਤ ਸਿੰਘ ਕੁੱਕੂ, ਪਰਮਜੀਤ ਸਿੰਘ ਪੰਮਾ ਸਮੇਤ ਅਤੇ 25-26 ਅਣਪਛਾਤੇ ਵਿਅਕਤੀਆਂ ਵਿਰੁਧ ਅਧੀਨ ਧਾਰਾ 353, 323, 333, 148, 149 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।