ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਗਿਆਨੀ ਪ੍ਰਤਾਪ ਸਿੰਘ ਠੱਟਾ ਨੂੰ ਐਡੀਸ਼ਨਲ ਜਥੇਦਾਰ ਥਾਪੇ ਜਾਣ ਨੂੰ ਲੈਕੇ ਗਿਆਨੀ ਇਕਬਾਲ ਸਿੰਘ ਦੁਆਰਾ ਜਿਤਾਏ ਵਿਰੋਧ ਤੇ ਪੈਦਾ ਹੋਏ ਹਾਲਾਤਾਂ ਲਈ ਗਿਆਨੀ ਇਕਬਾਲ ਸਿੰਘ ਹੀ ਕਸੂਰਵਾਰ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਅ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਆਪਣੇ ਪ੍ਰਬੰਧ ਨੂੰ ਸੁਚਾਰੂ ਬਨਾਉਣ ਲਈ ਸਮੇਂ ਸਮੇਂ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਿਯੁਕਤੀਆਂ ਕਰਦੀਆਂ ਹੀ ਰਹਿੰਦੀਆਂ ਹਨ ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਜੇਹੇ ਫੈਸਲੇ ਲੈਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ,ਗਿਆਨੀ ਪੂਰਣ ਸਿੰਘ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਨਿਯੁਕਤੀ ਵੀ ਕੀਤੀ ਤੇ ਘਰ ਵੀ ਤੋਰਿਆ ਲੇਕਿਨ ਕਦੇ ਭਾਈ ਰਣਜੀਤ ਸਿੰਘ ,ਗਿਆਨੀ ਪੂਰਣ ਸਿੰਘ ਜਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਮੇਟੀ ਦੇ ਕਿਸੇ ਗੁਰਮਤਿ ਸਮਾਗਮ ਵਿਚ ਵਿਘਨ ਨਹੀ ਪਾਇਆ।
ਸ੍ਰ ਕਲਕੱਤਾ ਨੇ ਕਿਹਾ ਕਿ ਜੇਕਰ ਗਿਆਨੀ ਪਰਤਾਪ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਦਕੀ ਕਮੇਟੀ ਨੇ ਐਡੀਸਨਲ ਜਥੇਦਾਰ ਲਾ ਵੀ ਲਿਆ ਸੀ ਤਾਂ ਆਖਿਰ ਤਾਂ ਉਹ ਗਿਆਨੀ ਇਕਬਾਲ ਸਿੰਘ ਦੀ ਸਹਾਇਤਾ ਲਈ ਹੀ ਹਨ । ਸ੍ਰ ਕਲਕੱਤਾ ਨੇ ਕਿਹਾ ਕਿ ਗਿਆਨੀ ਪਰਤਾਪ ਸਿੰਘ ਦੀ ਨਿਯੁਕਤੀ ਦਾ ਵਿਰੋਧ ਕਰਨ ਤੋਂ ਪਹਿਲਾਂ ਗਿਆਨੀ ਇਕਬਾਲ ਸਿੰਘ ਨੂੰ ਇਹ ਵਿਚਾਰ ਲੈਣਾ ਚਾਹੀਦਾ ਸੀ ਕਿ ਗਿਆਨੀ ਪ੍ਰਤਾਪ ਸਿੰਘ ਨਿਹੰਗ ਜਥੇਬੰਦੀ ਬਾਬਾ ਬਿਧੀ ਚੰਦ ਸੰਪਰਦਾ ਦੇ ਜਥੇਦਾਰ ਬਾਬਾ ਸੋਹਣ ਸਿੰਘ ਦੇ ਪੜਦੋਹਤਰੇ ਅਤੇ ਬਾਬਾ ਜਵੰਦ ਸਿੰਘ ਦੇ ਪਛਪੋਤਰੇ ਹਨ,ਇਕ ਪੰਥਕ ਪ੍ਰੀਵਾਰ ਨਾਲ ਸਬੰਦਤ ਅਤੇ ਵਿਦਵਾਨ ਸ਼ਖਸ਼ੀਅਤ ਹਨ । ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੁਆਰਾ ਚੁਕੇ ਕਦਮ ਨੇ ਵਿਸ਼ਵ ਭਰ ਵਿੱਚ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ ਜਿਸ ਦੀ ਖਿਮਾਯਾਚਨਾ ਉਨ੍ਹਾਂ ਨੂੰ ਆਪ ਕਰਨੀ ਚਾਹੀਦੀ ਹੈ ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ, ਜੋ ਤਖਤ ਪਟਨਾ ਸਾਹਿਬ ਤੋਂ ਪਰਤੇ ਹਨ, ਨੇ ਅੱਜ ਦੀ ਘਟਨਾ ਲਈ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਸਮਰਥਕਾਂ ਨੇ ਤਖਤ ਸਾਹਿਬ ਦੇ ਮੀਤ ਜਥੇਦਾਰ ਵਜੋਂ ਕੀਤੀ ਗਈ ਨਿਯੁਕਤੀ ਖ਼ਿਲਾਫ਼ ਅੱਜ ਧਾਰਮਿਕ ਸਮਾਗਮ ਦੌਰਾਨ ਗੜਬੜ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪਟਨਾ ਸਾਹਿਬ ਵਿਖੇ 2017 ਵਿਚ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਦੀ ਯੋਜਨਾ ਹੈ। ਇਸ ਸਬੰਧ ਵਿਚ ਕਰੋੜਾਂ ਰੁਪਏ ਦੀਆਂ ਵਿਕਾਸ ਯੋਜਨਾਵਾਂ ਵੀ ਉਲੀਕੀਆਂ ਗਈਆਂ ਹਨ ਅਤੇ ਪ੍ਰਬੰਧਕੀ ਕਮੇਟੀ ਵਲੋਂ ਕੰਮਕਾਜ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਰਾਗੀ, ਪਾਠੀ ਤੇ ਗ੍ਰੰਥੀ ਆਦਿ ਵੀ ਸ਼ਾਮਲ ਹਨ। ਇਸੇ ਕੜੀ ਤਹਿਤ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਸੁਝਾਅ ’ਤੇ -ਤਖਤ ਪਟਨਾ ਸਾਹਿਬ ਲਈ ਮੀਤ ਜਥੇਦਾਰ ਵਜੋਂ ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਕੀਤੀ ਗਈ ਸੀ, ਜਿਸ ਦਾ ਗਿਆਨੀ ਇਕਬਾਲ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਸਖ਼ਤ ਵਿਰੋਧ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਵੇਲੇ ਹੋਰ ਅਫਸੋਸ ਹੋਇਆ ਜਦੋਂ ਗਿਆਨੀ ਇਕਬਾਲ ਸਿੰਘ ਨੇ ਇਹ ਬਿਆਨ ਦਾਗ਼ ਦਿੱਤਾ ਕਿ ਉਨ੍ਹਾਂ ਦੀ ਬੇਇੱਜ਼ਤੀ ਕਰਾਉਣ ਵਿੱਚ ਉਨ੍ਹਾਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇੱਕ ਤਖ਼ਤ ਦੇ ਜਥੇਦਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਮਾਮਲੇ ਦੀ ਘੋਖ ਕਰੇ ਤੇ ਫਿਰ ਕੋਈ ਲਫਜ਼ ਆਪਣੇ ਮੁਖਾਰਬਿੰਦ ਤੋਂ ਬਾਹਰ ਕੱਢੇ ਕਿਉਂਕਿ ਉਹ ਕਿਸੇ ਇੱਕ ਧੜੇ ਜਾਂ ਇੱਕ ਪਾਰਟੀ ਦੀ ਨਹੀਂ ਸਗੋਂ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹਨ ਅਤੇ ਹਰ ਬਿਆਨ ਲਈ ਕੌਮ ਨੂੰ ਜਵਾਬਦੇਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਇਸ ਦੀ ਜਾਂਚ ਲਈ ਇੱਕ ਪੰਜ ਸਾਬਕਾ ਸੀਨੀਅਰ ਪੁਲੀਸ ਅਧਿਕਾਰੀਆਂ ਜਾਂ ਪੰਜ ਸੀਨੀਅਰ ਵਕੀਲਾਂ ਜਾਂ ਫਿਰ ਪੰਜ ਸਾਬਕਾ ਜੱਜਾਂ ਦਾ ਇੱਕ ਪੈਨਲ ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਕਿ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਹ ਜਿਨ੍ਹਾਂ ਸੰਸਥਾਵਾਂ ਦੇ ਮੈਂਬਰ ਜਾਂ ਅਹੁਦੇਦਾਰ ਹਨ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਣਗੇ ਅਤੇ ਜੇਕਰ ਗਿਆਨੀ ਇਕਬਾਲ ਸਿੰਘ ਦੇ ਦੋਸ਼ ਗਲਤ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠਣਾ ਪਵੇਗਾ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦਾ ਉਹ ਅੱਜ ਵੀ ਸਤਿਕਾਰ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।