ਔਕਲੈਂਡ 28 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਔਕਲੈਂਡ ਸ਼ਹਿਰ ਤੋਂ ਲਗਪਗ 200 ਕਿਲੋਮੀਟਰ ਦੂਰ ਵਸੇ ਇਕ ਰਮਣੀਕ ਸ਼ਹਿਰ ਟੌਰੰਗਾ ਵਿਖੇ ਪੰਜਾਬੀ ਜੋੜੇ ਸ. ਹਰਪ੍ਰੀਤ ਸਿੰਘ ਗਿੱਲ ਅਤੇ ਸ੍ਰੀਮਤੀ ਰਾਜਵੀਰ ਕੌਰ ਗਿੱਲ ਦੀ ਦੁਕਾਨ ‘ਬੈਥਲਹਿਮ ਫੋਰ ਸੁਕੇਅਰ ਐਂਡ ਲੋਟੋ’ ਤੋਂ ਬੀਤੇ ਸ਼ਨਿਚਰਵਾਰ ਪਹਿਲੇ ਦਰਜੇ ਦੀਆਂ ਦੋ ਜੇਤੂ ਟਿਕਟਾਂ ਕਿਸੀ ਭਾਗਸ਼ਾਲੀਆਂ ਨੂੰ ਨਿਕਲੀਆਂ ਹਨ। ਜੇਤੂ ਰਕਮ ਪ੍ਰਤੀ ਭਾਗਸ਼ਾਲੀ 2,50,000 ਡਾਲਰ (ਲਗਪਗ 1 ਕਰੋੜ 32 ਲੱਖ ਰੁਪਏ) ਹੋਵੇਗੀ। ਇਸ ਦੁਕਾਨ ਤੋਂ ਹੁਣ ਤੱਕ 9 ਵਾਰੀ ਅਜਿਹੇ ਵੱਡੇ ਇਨਾਮ ਅਤੇ ਦੋ ਹੋਰ ਥੋੜ੍ਹੇ ਘੱਟ ਇਨਾਮ (ਸਟ੍ਰਾਈਕ) ਨਿਕਲ ਚੁਕੇ ਹਨ। ਜਦੋਂ ਤੋਂ ਇਸ ਪੰਜਾਬੀ ਜੋੜੇ ਨੇ ਇਹ ਦੁਕਾਨ ਖਰੀਦੀ ਹੈ ਉਦੋਂ ਦਾ ਇਹ ਪਹਿਲਾ ਵੱਡਾ ਪਰ ਦੋਹਰਾ ਇਨਾਮ ਨਿਕਲਿਆ ਹੈ। ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਕ ਹੀ ਦੁਕਾਨ ਤੋਂ ਪਹਿਲੇ ਦਰਜੇ ਦੇ ਦੋ ਵੱਡੇ ਇਨਾਮ ਇਕੱਠੇ ਨਿਕਲੇ ਹੋਣ। ਸਥਾਨਕ ਲੋਕਾਂ ਨੇ ਇਸ ਦੁਕਾਨ ਨੂੰ ਨਿਊਜ਼ੀਲੈਂਡ ਦੀ ਸਭ ਤੋਂ ਭਾਗਸ਼ਾਲੀ ਦੁਕਾਨ ‘ਲੱਕੀ ਸ਼ਾਪ’ ਕਹਿਣਾ ਸ਼ੁਰੂ ਕਰ ਦਿੱਤਾ ਹੈ।
ਸਥਾਨਕ ਖਬਰਾਂ ਵਿਚ ਇਸ ਦੁਕਾਨ ਬਾਰੇ ਪਤਾ ਲੱਗਣ ਉਤੇ ਲਾਟਰੀ ਦੀਆਂ ਟਿਕਟਾਂ ਲੈਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਸ. ਹਰਪ੍ਰੀਤ ਸਿੰਘ ਗਿੱਲ ਨੂੰ ਲਾਟਰੀ ਦੇ ਨਤੀਜੇ ਦਾ ਅਗਲੇ ਦਿਨ ਪਤਾ ਲੱਗਿਆ ਜਦੋਂ ਸਟਾਫ ਨੇ ਇਹ ਖੁਸ਼ੀ ਉਨ੍ਹਾਂ ਨਾਲ ਫੋਨ ‘ਤੇ ਸਵੇਰੇ-ਸਵੇਰੇ ਸਾਂਝੀ ਕੀਤੀ। ਇਨਾਮ ਜਿੱਤਣ ਵਾਲੇ ਦੋ ਜੇਤੂ ਭਾਗਸ਼ਾਲੀ ਅਜੇ ਜਨਤਕ ਨਹੀਂ ਹੋਏ ਹਨ ਅਤੇ ਆਸ ਹੈ ਕਿ ਉਹ ਜਲਦੀ ਹੀ ਆਪਣਾ ਦਾਅਵਾ ਪੇਸ਼ ਕਰਨਗੇ। ‘ਲੋਟੋ’ ਕੰਪਨੀ ਵੱਲੋਂ ਇਸ ਪੰਜਾਬੀ ਜੋੜੇ ਨੂੰ ਜੇਤੂ ਟਿਕਟਾਂ ਵੇਚਣ ਬਦਲੇ ਇਨਾਮ ਵਜੋਂ ਟ੍ਰਾਫੀਆਂ ਦਿੱਤੀਆਂ ਗਈਆਂ ਹਨ। ਵਰਨਣਯੋਗ ਹੈ ਕਿ ਹਰਪ੍ਰੀਤ ਸਿੰਘ ਗਿੱਲ ਨੇ ਇਹ ਦੁਕਾਨ ਅਜੇ ਕੁਝ ਸਮਾਂ ਪਹਿਲਾਂ ਹੀ ਖਰੀਦੀ ਸੀ।