ਅੰਮ੍ਰਿਤਸਰ- ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਸ਼ਹਿਰ ‘ਚੋਂ ਗਾਇਬ ਹੋਣਾ ਹੁਣ ਆਮ ਜਨਤਾ ਨੂੰ ਵੀ ਖਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਦੀ ਇਕ ਸਮਾਜਿਕ ਸੰਸਥਾ ਨੇ ਸਿੱਧੂ ਨੂੰ ਲੱਭ ਕੇ ਲਿਆਉਣ ਵਾਲੇ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦੇਣ ਦੀ ਗੱਲ ਕਹਿੰਦੇ ਹੋਏ ਸ਼ਹਿਰ ‘ਚ ਪੋਸਟਰ ਲਗਵਾ ਦਿੱਤੇ ਹਨ।
ਸੰਸਥਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਅੰਮ੍ਰਿਤਸਰ ‘ਚ ਮੈਂਬਰ ਪਾਰਲੀਮੈਂਟ ਬਣ ਕੇ ਆਏ ਸਨ ਤਾਂ ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ਹਿਰ ਦੀਆਂ ਸੜਕਾਂ ਨੂੰ ਪ੍ਰਿੰਟੀ ਜ਼ਿੰਟਾ ਦੀਆਂ ਗੱਲ੍ਹਾਂ ਵਾਂਗ ਬਣਾ ਦੇਣਗੇ ਪਰ ਅੱਜ ਤੱਕ ਅਜਿਹਾ ਕੁਝ ਨਹੀਂ ਹੋਇਆ ਸਗੋਂ ਉਹ ਖੁਦ ਸ਼ਹਿਰ ‘ਚੋਂ ਪਿਛਲੇ 3 ਸਾਲਾਂ ਤੋਂ ਗਾਇਬ ਹਨ। ਸੰਸਥਾ ਦੇ ਪ੍ਰਧਾਨ ਰਮਨ ਬਕਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ 10 ਹਜ਼ਾਰ ਦੇ ਕਰੀਬ ਪੋਸਟਰ ਲਗਾਏ ਹਨ ਜਿਨ੍ਹਾਂ ‘ਤੇ ਉਨ੍ਹਾਂ ਨੂੰ ਲੱਭ ਕੇ ਲਿਆਉਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦੀ ਗੱਲ ਕਹੀ ਗਈ ਹੈ। ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2 ਲੱਖ ਰੁਪਏ ਦਾ ਡਰਾਫਟ ਵੀ ਬਣਾ ਲਿਆ ਹੈ ਅਤੇ ਇਸ ਡਰਾਫਟ ਨੂੰ ਇਕ ਜਲਸੇ ਦੇ ਰੂਪ ‘ਚ ਦਿੱਤਾ ਜਾਏਗਾ।
ਸੰਸਥਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ‘ਚ ਨਾ ਆਉਣ ਨਾਲ ਸ਼ਹਿਰ ਦਾ ਵਿਕਾਸ ਰੁੱਕ ਗਿਆ ਹੈ। ਇਸ ਮਾਮਲੇ ‘ਚ ਉਨ੍ਹਾਂ ‘ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਦੇ ਗਾਇਬ ਹੋਣ ਨਾਲ ਸ਼ਹਿਰ ਦਾ ਵਿਕਾਸ 15 ਸਾਲ ਪਿੱਛੇ ਚਲਾ ਗਿਆ ਹੈ ਅਤੇ ਲੋਕਾਂ ਨੇ ਜੋ ਜ਼ਿੰਮੇਵਾਰੀ ਸਿੱਧੂ ਨੂੰ ਦਿੱਤੀ ਸੀ ਉਸ ਨੂੰ ਸਿੱਧੂ ਨੇ ਨਹੀਂ ਨਿਭਾਇਆ।
ਇਸ ਮੌਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਕੰਧਾਂ ‘ਤੇ ਜੋ ਪੋਸਟਰ ਲੱਗੇ ਹਨ ਇਹ ਬਿਲਕੁਲ ਠੀਕ ਹਨ ਕਿਉਂਕਿ ਸਿੱਧੂ ਪਿਛਲੇ 2 ਸਾਲਾਂ ਤੋਂ ਸ਼ਹਿਰ ‘ਚੋਂ ਗਾਇਬ ਹਨ ਅਤੇ ਇਸ ਨਾਲ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਛੋਟੇ ਪਰਦੇ ‘ਤੇ ਤਾਂ ਖੂਬ ਹੱਸ ਰਹੇ ਹਨ ਪਰ ਉਨ੍ਹਾਂ ਦੇ ਸ਼ਹਿਰ ਦੀ ਜਨਤਾ ਰੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਸਥਾ ਨੇ ਜੋ ਪੋਸਟਰ ਲਗਾਏ ਹਨ ਉਹ ਬਿਲਕੁਲ ਜਾਇਜ਼ ਹਨ ਅਤੇ ਇਸ ‘ਤੇ ਜੋ ਕੁਝ ਵੀ ਲਿਖਿਆ ਹੈ ਉਹ ਬਿਲਕੁਲ ਸੱਚ ਹੈ।