ਲੁਧਿਆਣਾ (12 ਅਪ੍ਰੈਲ) -ਲੁਧਿਆਣਾ ਦੀ ਕੇਂਦਰੀ ਜੇਲ ਤੋਂ ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਆਪਣੇ ਸਾਥੀਆਂ ਸਮੇਤ ਜੇਲ ਤੋਂ ਰਿਹਾਅ ਹੋ ਗਿਆ। ਸ਼ਾਮ 6 ਵਜੇ ਦੇ ਕਰੀਬ ਨਛੱਤਰ ਗਿੱਲ ਆਪਣੇ ਸਾਥੀਆਂ ਜਗਦੀਪ ਸਿੰਘ ਜੱਗਾ, ਚਰਨਜੀਤ ਸਿੰਘ ਚੰਨੀ ਦੇ ਨਾਲ ਜਿਉਂ ਹੀ ਜੇਲ ਤੋਂ ਬਾਹਰ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਚਾਹੁਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ।
ਇਸ ਮੌਕੇ ਨਛੱਤਰ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਮੰਨੋ ਕਿੰਨੀ ਦੇਰ ਬਾਅਦ ਉਸਦਾ ਆਪਣੇ ਪਰਿਵਾਰ ਦੇ ਨਾਲ ਮੇਲ ਹੋਇਆ ਹੋਵੇ। ਇਸ ਮੌਕੇ ਗਿੱਲ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚ ਹੰਝੂ ਵੀ ਝਲਕ ਰਹੇ ਸਨ। ਨਛੱਤਰ ਗਿੱਲ ਨੇ ਦੱਸਿਆ ਕਿ ਅਦਾਲਤ ਤੋਂ ਬਰੀ ਹੋਣ ਤੋਂ ਬਾਅਦ ਉਹ ਅੱਜ ਆਪਣੇ ਸਾਥੀਆਂ ਸਮੇਤ ਰਿਹਾਅ ਹੋਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਦੇਸ਼ ਦੀ ਕਾਨੂੰਨ ਵਿਵਸਥਾ ‘ਤੇ ਪੂਰਾ ਭਰੋਸਾ ਹੈ ਅਤੇ ਪ੍ਰਮਾਤਮਾ ਨੇ ਵੀ ਉਸਦਾ ਬਹੁਤ ਸਾਥ ਦਿੱਤਾ, ਜਿਸ ਕਾਰਨ ਉਹ ਪ੍ਰਮਾਤਮਾ ਦਾ ਸਦਾ ਰਿਣੀ ਰਹੇਗਾ।
ਯਾਦ ਰਹੇ ਕਿ ਕਈ ਮਹੀਨੇ ਪਹਿਲਾਂ ਨਛੱਤਰ ਗਿੱਲ ਆਪਣੇ ਦੋ ਸਾਥੀਆਂ ਸਮੇਤ ਇਕ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਲੁਧਿਆਣਾ ਦੀ ਕੇਂਦਰੀ ਜੇਲ ਵਿਚ ਬੰਦ ਸੀ।