ਲੁਧਿਆਣਾ, 7 ਜਨਵਰੀ (ਹਰਪ੍ਰੀਤ ਸਿੰਘ ਗਿੱਲ, ਜੇ. ਐਸ. ਭੱਟੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਨੇ ਅੱਜ ਤਖਤ ਸ਼੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਵਾਪਰੀ ਮੰਦ ਭਾਗੀ ਘਟਨਾ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਮੌਕੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਮੁੱਖ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਕੁਝ ਵਿਅਕਤੀਆਂ ਵੱਲੋਂ ਬੇਇਜੱਤ ਤੇ ਉਨ੍ਹਾਂ ਉਪੱਰ ਹਮਲਾ ਕਰਨ ਦੀ ਕਾਰਵਾਈ ਸਮੁੱਚੇ ਰੂਪ ਵਿੱਚ ਬਹੁਤ ਸ਼ਰਮਨਾਕ ਕਾਰਵਾਈ ਹੈ ਜਿਸਦੇ ਸਿੱਧੇ ਰੂਪ ਵਿੱਚ ਉਥੋਂ ਦੇ ਪ੍ਰਬੰਧਕ ਪੂਰੀ ਤਰ੍ਹਾ ਜਿੰਮੇਵਾਰ ਹਨ ਜਿੰਨ੍ਹਾਂ ਦੀ ਲਾਪਰਵਾਹੀ ਸਦਕਾ ਉਕਤ ਮੰਦਭਾਗੀ ਘਟਨਾ ਵਾਪਰੀ ।
ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਉਕਤ ਵਾਪਰੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਤੇ ਮੌਕੇ ਦੀ ਸਥਿਤੀ ਦਾ ਜਾਇਜਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ 5 ਮੈਂਬਰੀ ਟੀਮ ਫੌਰੀ ਤੌਰ ਤੇ ਰਵਾਨਾ ਕਰ ਦਿੱਤੀ ਗਈ ਹੈ । ਜੋ ਕਿ ਸਾਰੀ ਕਾਰਵਾਈ ਦੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜੱਥੇ: ਗਿਆਨੀ ਗੁਰਬਚਨ ਸਿੰਘ ਨੂੰ ਸੋਪੇਂਗੀ ਤੇ ਉਸਤੋਂ ਬਾਅਦ ਹੀ ਸਿੱਖੀ ਸਿਧਾਂਤਾ ਤੇ ਗੁਰਮਰਿਆਦਾ ਨੂੰ ਢਾਹ ਲਗਾਉਣ ਵਾਲੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।