ਸੰਦੌੜ/ਮਾਲੇਰਕੋਟਲਾ ਹਰਮਿੰਦਰ ਭੱਟ/ ਯਾਦੂ ਢੀਂਡਸਾ)-ਅੱਜ ਇੱਥੇ ਸਰਹੰਦੀ ਗੇਟ ਲਾਗੇ ਸਥਾਨਕ ਅਕਾਲੀ ਲੀਡਰਸ਼ਿਪ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸ.ਸੁਖਦੇਵ ਸਿੰਘ ਢੀਂਡਸਾ ਦੇ ਹੱਕ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਚੋਣ ਰੈਲੀ ਵਿੱਚ ਉਸ ਸਮੇਂ ਜੰਗ ਦਾ ਅਖਾੜਾ ਬਣ ਗਈ, ਜਦੋਂ ਰੈਲੀ ’ਚ ਸ਼ਾਮਲ ਨੌਜਵਾਨਾਂ ਦੇ ਦੋ ਗਰੁੱਪ ਅਚਾਨਕ ਆਪਸ ਵਿਚ ਭਿੜਣ ਤੋਂ ਬਾਅਦ ਦੋਵੇਂ ਧੜਿਆਂ ਨੇ ਇਕ ਦੂਜੇ ’ਤੇ ਜੰਮ ਕੇ ਕੁਰਸੀਆਂ ਚਲਾਈਆਂ ਗਈਆਂ।
ਇਸ ਰੈਲੀ ਨੂੰ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕਰਨਾ ਸੀ। ਯੂਥ ਅਕਾਲੀ ਦਲ ਦੇ ਦੋ ਧੜਿਆਂ ਵਿਚਾਲੇ ਹੋਈ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਇਹ ਘਟਨਾ ਵਾਪਰੀ। ਇਸ ਨਾਲ ਉਥੇ ਜੁੜੇ ਲੋਕਾਂ ਵਿੱਚ ਅਫਰਾ-ਤਫਰੀ ਮੱਚ ਗਈ। ਇਕ ਵਾਰ ਤਾਂ ਪੰਡਾਲ ਖਾਲੀ ਹੀ ਹੋ ਗਿਆ।
ਮੰਚ ਤੋਂ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਸ੍ਰੀ ਮੁਹੰਮਦ ਇਜ਼ਹਾਰ ਆਲਮ ਦੇ ਵਾਰ-ਵਾਰ ਅਪੀਲ ਕਰਨ ’ਤੇ ਕੁਝ ਲੋਕ ਮੁੜ ਪੰਡਾਲ ਵਿੱਚ ਵਾਪਸ ਆਏ। ਮੰਚ ’ਤੇ ਬੈਠਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਇੱਕ ਨੇੜਲਾ ਰਿਸ਼ਤੇਦਾਰ ਇਸ ਦ੍ਰਿਸ਼ ਤੋਂ ਨਾ-ਖੁਸ਼ ਹੋ ਕੇ ਤੁਰੰਤ ਮੰਚ ਛੱਡ ਕੇ ਚਲਾ ਗਿਆ। ਘਟਨਾ ਮੌਕੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੀ ਲੀਡਰਸ਼ਿਪ ਮੰਚ ’ਤੇ ਮੌਜੂਦ ਸੀ। ਮਾਲੇਰਕੋਟਲਾ ਵਿੱਚ ਹੀ ਮੌਜੂਦ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਰੈਲੀ ਨੂੰ ਸੰਬੋਧਨ ਕਰਨ ਨਾ ਪੁੱਜੇ।
ਬਾਅਦ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਆਲਮ ਨੇ ਕਿਹਾ ਕਿ ਉਨ੍ਹਾਂ ਦੀ ਨਿਗਾਹ ਵਿੱਚ ਭਾਰਤ ਅੰਦਰ ਕੋਈ ਵੀ ਸਿਆਸੀ ਪਾਰਟੀ ਮੁਕੰਮਲ ਤੌਰ ’ਤੇ ਧਰਮ-ਨਿਰਪੱਖ ਨਹੀਂ । ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਨਿਗਾਹ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਹੀ ਸਹੀ ਮਾਅਨਿਆਂ ਵਿੱਚ ਧਰਮ ਨਿਰਪੱਖ ਆਗੂ ਹਨ। ਇਨ੍ਹਾਂ ਦੀ ਅਗਵਾਈ ਵਿੱਚ ਸੂਬੇ ਦੇ ਘੱਟ ਗਿਣਤੀ ਲੋਕਾਂ ਦੇ ਹਿੱਤ ਸੁਰੱਖਿਅਤ ਰਹਿ ਸਕਦੇ ਹਨ। ਸ੍ਰੀ ਆਲਮ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਸ੍ਰੀ ਵਿਜੈਇੰਦਰ ਸਿੰਗਲਾ ਲੋਕਾਂ ਦੀਆਂ ਆਸਾਂ ’ਤੇ ਖਰਾ ਨਾ ਉਤਰਨ ਕਰਕੇ ਲੋਕਾਂ ਦੀਆਂ ਵੋਟਾਂ ਦਾ ਹੱਕਦਾਰ ਨਹੀਂ। ‘ਆਪ’ ਦੇ ਉਮੀਦਵਾਰ ਸ੍ਰੀ ਭਗਵੰਤ ਮਾਨ ਨੂੰ ਲੋੜੀਂਦੀ ਸਿਆਸੀ ਸੂਝ ਹੀ ਨਹੀਂ।
ਰੈਲੀ ਨੂੰ ਸਾਬਕਾ ਮੰਤਰੀ ਚੌਧਰੀ ਅਬਦੁੱਲ ਗ਼ੱਫ਼ਾਰ, ਸਾਬਕਾ ਮੰਤਰੀ ਨੁਸਰਤ ਇਕਰਾਮ ਖ਼ਾਨ, ਐਸਜੀਪੀਸੀ ਮੈਂਬਰ ਜੈਪਾਲ ਸਿੰਘ ਮੰਡੀਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਦੇਵ ਸਿੰਘ ਸੇਹਕੇ, ਬਸ਼ੀਰ ਰਾਣਾ, ਦਲਵਾਰਾ ਸਿੰਘ ਚਹਿਲ, ਹਾਕਮ ਸਿੰਘ ਚੱਕ, ਖੁਸ਼ੀ ਮੁਹੰਮਦ ਪੋਪਾ,ਹਰਦੀਪ ਸਿੰਘ ਖੱਟੜਾ, ਉਸਮਾਨ ਸਦੀਕੀ, ਸਿਰਾਜ ਮਲਿਕ ਆਦਿ ਵੀ ਹਾਜ਼ਰ ਸਨ।