ਜੋਧਪੁਰ- ਨਾਬਾਲਗ ਲੜਕੀ ਨਾਲ ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਸਾਰਾਮ ਨੂੰ ਹੁਣ 15 ਸਤੰਬਰ ਤੱਕ ਜੇਲ ਵਿਚ ਹੀ ਰਹਿਣਾ ਪੈ ਸਕਦਾ ਹੈ। ਜੋਧਪੁਰ ਦੀ ਅਦਾਲਤ ਨੇ ਆਸਾਰਾਮ ਦੀ ਜ਼ਮਾਨਤ ਲਈ ਲਾਈ ਗਈ ਅਰਜ਼ੀ ਬੁੱਧਵਾਰ ਸ਼ਾਮ ਨੂੰ ਖਾਰਜ ਕਰ ਦਿੱਤੀ ਹੈ।
ਇਸ ਅਰਜ਼ੀ ‘ਤੇ ਬੁੱਧਵਾਰ ਸਵੇਰੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਵਿਚਾਲੇ ਬਹਿਸ ਹੋਈ ਸੀ। ਇਸ ਬਹਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਬੁੱਧਵਾਰ ਸ਼ਾਮ ਤੱਕ ਲਈ ਰਾਖਵਾਂ ਰੱਖ ਲਿਆ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਆਸਾਰਾਮ ਨੂੰ ਹੁਣ ਨਿਆਇਕ ਹਿਰਾਸਤ ਵਿਚ ਹੀ ਰਹਿਣਾ ਪਵੇਗਾ।
ਆਸਾਰਾਮ ਨੂੰ 31 ਅਗਸਤ ਦੀ ਰਾਤ ਇੰਦੌਰ ਸਥਿਤ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਆਸਾਰਾਮ ‘ਤੇ ਆਪਣੇ ਇਕ ਭਗਤ ਦੀ ਲੜਕੀ ਨਾਲ ਜੋਧਪੁਰ ਦੇ ਆਸ਼ਰਮ ਵਿਚ ਯੌਨ ਸੋਸ਼ਣ ਕਰਨ ਦਾ ਦੋਸ਼ ਹੈ। ਲੜਕੀ ਦੇ ਪਿਤਾ ਨੇ ਆਸਾਰਾਮ ਖਿਲਾਫ ਦਿੱਲੀ ਪੁਲਸ ਸ਼ਿਕਾਇਤ ਕੀਤੀ ਸੀ ਅਤੇ ਦਿੱਲੀ ਪੁਲਸ ਨੇ ਇਹ ਮਾਮਲਾ ਜੋਧਪੁਰ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਇਸ ਪੂਰੇ ਮਾਮਲੇ ‘ਤੇ 10 ਦਿਨ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਡਰਾਮੇ ਤੋਂ ਬਾਅਦ ਆਸਾਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ।