16 ਜੁਲਾਈ (ਚਰਨਜੀਤ ਸਿੰਘ) : ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਜਦ ਪੱਤਰਕਾਰਾਂ ਤੇ ਜਥੇਦਾਰਾਂ ਵਿਚਾਲੇ ਸਵਾਲ-ਜਵਾਬ ਦਾ ਸਿਲਸਿਲਾ ਜਾਰੀ ਸੀ ਤਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨੇੜਲੇ ਰਿਸ਼ਤੇਦਾਰ (ਜਵਾਈ) ਸੁਰਿੰਦਰਪਾਲ ਸਿੰਘ ਨੇ ਪੱਤਰਕਾਰ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿਤਾ। ਕਿਸੇ ਵੀ ਪੱਤਰਕਾਰ ਵਲੋਂ ‘ਜਥੇਦਾਰ’ ਨੂੰ ਜਦ ਸਵਾਲ ਕੀਤਾ ਜਾਂਦਾ ਤਾਂ ਸੁਰਿੰਦਰਪਾਲ ਸਿੰਘ ਨੇ ਪੱਤਰਕਾਰ ਨੂੰ ਵਿਚ ਹੀ ਟੋਕ ਦਿੰਦਾ। ਇਕ ਮੌਕਾ ਅਜਿਹਾ ਵੀ ਆਇਆ ਜਦ ਸੁਰਿੰਦਰਪਾਲ ਸਿੰਘ ਨੇ ਸਿੱਧੇ ਤੌਰ ‘ਤੇ ‘ਜਥੇਦਾਰ’ ਨੂੰ ਫ਼ਤਹਿ ਬੁਲਾ ਦਿਉ ਜੀ ਕਹਿ ਕੇ ਉਠਣ ਦਾ ਇਸ਼ਾਰਾ ਕਰ ਦਿਤਾ। ਪਰ ਜਦ ਉਸ ਦੀ ਕੋਈ ਪੇਸ਼ ਨਾ ਗਈ ਤਾਂ ਉਸ ਨੇ ਸੇਵਾ ਦਲ ਦੇ ਇਕ ਕਰਮਚਾਰੀ ਰਾਹੀਂ ਇਕ ਅਖ਼ਬਾਰ ਦੇ ਪੱਤਰਕਾਰ ਨੂੰ ਧੱਕੇ ਮਾਰਵਾ ਦਿਤੇ ਤੇ ਗਲੋਂ ਫੜ ਕੇ ਵੇਖ ਲੈਣ ਦੀ ਧਮਕੀ ਦਿਤੀ ਜਿਸ ‘ਤੇ ਪੱਤਰਕਾਰਾਂ ਨੇ ਇਤਰਾਜ਼ ਕੀਤਾ ਤਾਂ ਉਹ ਇਸ ਪੱਤਰਕਾਰ ਦੇ ਗਲ ਪੈ ਗਿਆ। ਅਪਣੇ ਇਕ ਸਹਾਇਕ ਰਾਹੀਂ ਲਗਭਗ ਧੂਹ ਕੇ ਇਸ ਪੱਤਰਕਾਰ ਨੂੰ ਅਕਾਲ ਤਖ਼ਤ ਸਕੱਤਰੇਤ ਵਿਚੋਂ ਬਾਹਰ ਭੇਜ ਦਿਤਾ। ਅਜੇ ਇਹ ਚਲ ਹੀ ਰਿਹਾ ਸੀ ਕਿ ਇਕ ਨਿਊਜ਼ ਚੈਨਲ ਦੇ ਕੈਮਰਾਮੈਨ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿਤੀ।
ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਨੇ ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਧਰਨਾ ਦਿਤਾ। ਇਸ ਧਰਨੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਪੱਤਰਕਾਰਾਂ ਨੂੰ ਮਨਾਉਣ ਦੇ ਯਤਨ ਕੀਤੇ ਤੇ ਫ਼ਰਾਖਦਿਲੀ ਦਿਖਾਉਂਦਿਆਂ ਇਸ ਘਟਨਾ ਲਈ ਮੁਆਫ਼ੀ ਮੰਗੀ। ਪੱਤਰਕਾਰ ਜਦ ਟੱਸ ਤੋਂ ਮੱਸ ਨਾ ਹੋਏ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਅਤੇ ਸਕੱਤਰ ਸ. ਦਿਲਮੇਘ ਸਿੰਘ, ਸ. ਮਨਜੀਤ ਸਿੰਘ ਦੇ ਕਹਿਣ ‘ਤੇ ਐਡੀਸ਼ਨਲ ਸਕਤੱਰ ਸ. ਕੇਵਲ ਸਿੰਘ ਭੁਰਾ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾ ਆਦਿ ਨੇ ਆ ਕੇ ਪੱਤਰਕਾਰਾਂ ਨੂੰ ਉਕਤ ਵਿਰੁਧ ਸਖ਼ਤ ਕਾਰਵਾਈ ਦਾ ਭਰੋਸਾ ਦਿਤਾ।
ਹੈਰਾਨਗੀ ਦੀ ਗੱਲ ਇਹ ਵੀ ਰਹੀ ਕਿ ਜਦ ਪੱਤਰਕਾਰ ਅਕਾਲ ਤਖ਼ਤ ਸਕੱਤਰੇਤ ਦੇ ਬਾਹਰ ਧਰਨਾ ਲਾਈ ਬੈਠੇ ਸਨ ਤਾਂ ਪੱਤਰਕਾਰਾਂ ਦੇ ਹੱਕਾਂ ਦੀ ਗੱਲ ਕਰਨ ਵਾਲਾ ਤੇ ਪੱਤਰਕਾਰ ਯੂਨੀਅਨ ਦਾ ਪ੍ਰਧਾਨ ਹੋਣ ਦਾ ਦਾਅਵਾ ਤੇ ਦਿਖਾਵਾ ਕਰਨ ਵਾਲਾ ਵਿਅਕਤੀ ‘ਜਥੇਦਾਰ’ ਕੋਲੋਂ ਜਲੇਬੀਆਂ ਖਾ ਕੇ ਪੱਤਰਾ ਵਾਚ ਗਿਆ।