ਨਵੀਂ ਦਿੱਲੀ 17 ਜਨਵਰੀ (ਮਨਪ੍ਰੀਤ ਸਿੰਘ ਖਾਲਸਾ ): ਇਥੋਂ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਨਾਲੋ ਤਿੰਨ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ। ਅਜ ਕੋਰਟ ਵਿਚ ਤਕਰੀਬਨ ਅੱਧੇ ਘੰਟੇ ਤਕ ਚਲੀ ਬਹਿਸ ਵਿਚ ਇਕ ਗਵਾਹ ਨੇ ਹਾਜਿਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ।
ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਰਾਹੀ ਕਿਹਾ ਕਿ ਪਿਛਲੇ ਦਿਨੀ ਭਾਈ ਗੁਰਬਖਸ਼ ਸਿੰਘ ਵਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਰਖੀ ਗਈ ਸੀ ਤੇ ਜੋ ਪੰਥਕ ਨਿਸ਼ਾਨੇ ਮਿੱਥੇ ਗਏ ਸਨ ਉਹ ਹਾਲੇ ਤਕ ਪੁਰੇ ਨਹੀ ਹੋਏ ਹਨ । ਬੂੜੈਲ ਜੇਲ੍ਹ ਤੋਂ ੩ ਸਿੰਘਾਂ ਦੀ ਰਿਹਾਈ ਨਾਲ ਗੁਰਸਿੱਖ ਸੰਗਤਾਂ ਨੂੰ ਕੂਝ ਸਮੇਂ ਲਈ ਰਾਹਤ ਜਰੂਰ ਮਿਲੀ ਹੈ । ਭਾਈ ਲਾਲ ਸਿੰਘ ਜੀ ਤੇ ਪਹਿਲਾਂ ਵੀ ਕਈ ਵਾਰ ਪੈਰੋਲ ਤੇ ਰਿਹਾ ਹੋ ਕੇ ਆਉਦੇਂ ਰਹੇ ਹਨ । ਅਸੀ ਸ਼ੁਕਰਾਣਾਂ ਕਰਦੇ ਹੋਏ ਤਦ ਚੰਗੇ ਲਗਾਗੇ ਜਦ ਕੀਤੀ ਹੋਈ ਅਰਦਾਸ ਕਿ 6 ਦੇ 6 ਸਿੰਘ ਪੱਕੇ ਤੋਰ ਤੇ ਰਿਹਾ ਹੋਣਗੇ ਨਾਲੇ ਕੌਮ ਨਾਲ ਕੀਤੇ ਵਾਅਦੇ ਦੀ ਮੁਕੰਮਲ ਗਲ ਵੀ ਤਦ ਹੀ ਬਣੇਗੀ । ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਬਣੀ ਕਮੇਟੀ ਨੂੰ ਇਸ ਕਰਜ ਨੂੰ ਸਿਰੇ ਚਾੜਨ ਲਈ ਹੋਰ ਤਕੜਿਆਂ ਹੁੰਦਿਆ ਹੋਇਆ ਜੋਰਦਾਰ ਹੱਲਾ ਮਾਰਨਾ ਪਵੇਗਾ । ਸਾਡੀ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਅਪੀਲ ਹੈ ਕਿ ਤੁਸੀ ਜੋ ਵਾਅਦਾ ਕੌਮ ਨਾਲ ਕੀਤਾ ਸੀ ਉਸ ਨੂੰ ਜਲਦ ਤੋਂ ਜਲਦ ਪੁਰਾ ਕੀਤਾ ਜਾਏ|
ਭਾਈ ਭਿਉਰੇ ਨੇ ਕਿਹਾ ਕਿ ਪਿਛਲੇ ਦਿਨੀਂ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਤਖਤ ਪਟਨਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਨਾਲ ਸਮੂਹ ਜਗਤ ਹੈਰਾਨ ਤੇ ਪਰੇਸ਼ਾਨ ਹੋ ਗਇਆ ਸੀ । ਗਿਆਨੀ ਪ੍ਰਤਾਪ ਸਿੰਘ ਜੀ ਉੱਚੇ ਸੁੱਚੇ ਜੀਵਨ ਵਾਲੇ ਸਿੰਘ ਹਨ । ਸਾਡੀ ਪਟਨਾ ਸਾਹਿਬ ਜੀ ਦੀ ਕਮੇਟੀ ਨੂੰ ਅਪੀਲ ਹੈ ਕਿ ਗਿਆਨੀ ਇਕਬਾਲ ਸਿੰਘ ਜਿਨ੍ਹਾਂ ਨੇ ਕਈ ਵਾਰੀ ਆਪਹੁਦਰਿਆਂ ਕਾਰਵਾਈਆਂ ਕਰਕੇ ਕੌਮ ਵਿਚ ਫੁੱਟ ਪਾਉਣ ਦੀ ਕੌਸ਼ਿਸ਼ ਕੀਤੀ ਹੈ, ਨੂੰ ਜੱਥੇਦਾਰੀ ਤੋਂ ਲਾਂਭੇ ਕਰਕੇ ਗਿਆਨੀ ਪ੍ਰਤਾਪ ਸਿੰਘ ਜੀ ਨੂੰ ਜਲਦ ਤੋਂ ਜਲਦ ਜੱਥੇਦਾਰੀ ਸੋਪਣ ਦੀ ਕਾਰਵਾਈ ਕੀਤੀ ਜਾਏ ।
ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਵਲੋਂ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਹਾਜਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਨੂੰ ਹੋਵੇਗੀ ।